ਇਸ ਸੰਮਨ ਵਿੱਚ ਭਾਰਤ ਦੇ ਐਨਐਸਏ ਅਜੀਤ ਡੋਵਾਲ, ਸਾਬਕਾ RAW ਚੀਫ਼ ਸਾਮੰਤ ਗੋਇਲ, ਰਾਅ ਏਜੰਟ ਵਿਕਰਮ ਯਾਦਵ ਅਤੇ ਕਾਰੋਬਾਰੀ ਨਿਖਿਲ ਗੁਪਤਾ ਦੇ ਨਾਂ ਸ਼ਾਮਲ
Gurpatwant Singh Pannun : ਅਮਰੀਕਾ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਭਾਰਤ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਸੰਮਨ ਭੇਜਿਆ ਹੈ। ਇਸ ਸੰਮਨ ਵਿੱਚ ਭਾਰਤ ਦੇ ਐਨਐਸਏ ਅਜੀਤ ਡੋਵਾਲ, ਸਾਬਕਾ RAW ਚੀਫ਼ ਸਾਮੰਤ ਗੋਇਲ, ਰਾਅ ਏਜੰਟ ਵਿਕਰਮ ਯਾਦਵ ਅਤੇ ਕਾਰੋਬਾਰੀ ਨਿਖਿਲ ਗੁਪਤਾ ਦੇ ਨਾਂ ਸ਼ਾਮਲ ਹੈ।
ਅਮਰੀਕੀ ਅਦਾਲਤ ਨੇ ਇਸ ਸੰਮਨ ਦਾ 21 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਪੰਨੂ ਨੇ ਉਸ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਅਮਰੀਕਾ ਦੀ ਇੱਕ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਪਿਛਲੇ ਸਾਲ ਅਮਰੀਕਾ ਨੇ ਆਰੋਪ ਲਾਇਆ ਸੀ ਕਿ ਨਿਊਯਾਰਕ 'ਚ ਪੰਨੂ 'ਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਵਿੱਚ ਭਾਰਤ ਦਾ ਹੱਥ ਸੀ। ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।
ਸੰਮਨ ਦੇ ਜਵਾਬ 'ਚ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਇਕ ਬਿਆਨ 'ਚ ਕਿਹਾ ਕਿ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਹੈ, ਪੂਰੀ ਤਰ੍ਹਾਂ ਨਾਲ ਅਣਉਚਿਤ ਅਤੇ ਬੇਬੁਨਿਆਦ ਆਰੋਪ ਹਨ। ਹੁਣ ਜਦੋਂ ਕਿ ਇਹ ਵਿਸ਼ੇਸ਼ ਕੇਸ ਦਰਜ ਹੋ ਗਿਆ ਹੈ, ਇਸ ਬਾਰੇ ਸਾਡੇ ਵਿਚਾਰ ਨਹੀਂ ਬਦਲਣਗੇ। ਮੈਂ ਸਿਰਫ ਤੁਹਾਡਾ ਧਿਆਨ ਇਸ ਕੇਸ ਦੇ ਪਿੱਛੇ ਉਸ ਵਿਅਕਤੀ ਵੱਲ ਖਿੱਚਣਾ ਚਾਹੁੰਦਾ ਹਾਂ, ਜਿਸਦਾ ਇਤਿਹਾਸ ਸਭ ਜਾਣਦੇ ਹਨ।
ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਮੈਂ ਇਸ ਤੱਥ ਨੂੰ ਵੀ ਉਜਾਗਰ ਕਰਨਾ ਚਾਹਾਂਗਾ ਕਿ ਇਹ ਵਿਅਕਤੀ (ਪੰਨੂ) ਜਿਸ ਸੰਗਠਨ ਦੀ ਅਗਵਾਈ ਕਰਦਾ ਹੈ, ਉਹ ਗੈਰ-ਕਾਨੂੰਨੀ ਸੰਗਠਨ ਹੈ, ਜਿਸ 'ਤੇ UAPA ਤਹਿਤ ਪਾਬੰਦੀ ਲਗਾਈ ਗਈ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਇਹ ਸੰਗਠਨ ਦੇਸ਼ ਵਿਰੋਧੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੈ।
ਦੱਸ ਦੇਈਏ ਕਿ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈਕ ਗਣਰਾਜ ਪੁਲਿਸ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਸੀ। ਨਿਖਿਲ ਨੂੰ 14 ਜੂਨ 2024 ਨੂੰ ਅਮਰੀਕਾ ਹਵਾਲੇ ਕੀਤਾ ਗਿਆ ਸੀ। ਅਮਰੀਕੀ ਏਜੰਸੀਆਂ ਮੁਤਾਬਕ ਇਹ ਪਲਾਨਿੰਗ ਪੀਐਮ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਕੀਤੀ ਗਈ ਸੀ। ਹਾਲਾਂਕਿ ਇਹ ਜਾਣਕਾਰੀ 22 ਨਵੰਬਰ ਨੂੰ ਦਿੱਤੀ ਗਈ ਸੀ।
ਚਾਰਜਸ਼ੀਟ 'ਚ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਆਰੋਪ ਹੈ। ਇਸ ਵਿੱਚ ਲਿਖਿਆ ਹੈ- ਭਾਰਤ ਦੇ ਇੱਕ ਸਾਬਕਾ ਸੀਆਰਪੀਐਫ ਅਧਿਕਾਰੀ ਨੇ ਉਸਨੂੰ ਪੰਨੂ ਦੇ ਕਤਲ ਦੀ ਯੋਜਨਾ ਬਣਾਉਣ ਲਈ ਕਿਹਾ ਸੀ। ਨਿਖਿਲ ਨੇ ਇੱਕ ਵਿਅਕਤੀ ਨਾਲ ਕੰਮ ਦੇ ਬਦਲੇ 83 ਲੱਖ ਰੁਪਏ ਦੇਣ ਦਾ ਸੌਦਾ ਕੀਤਾ ਸੀ।