![Kashmiri journalist stopped from flying to receive Pulitzer Kashmiri journalist stopped from flying to receive Pulitzer](/cover/prev/47uh5ed8ppeaju19b7ho1n0nv5-20221019160057.Medi.jpeg)
ਸਨਾ ਇਰਸ਼ਾਦ ਮੱਟੂ ਨੂੰ ਕੋਰੋਨਾ 'ਤੇ ਕਵਰੇਜ ਲਈ ਮਿਲਿਆ ਸੀ ਪੁਰਸਕਾਰ
ਨਵੀਂ ਦਿੱਲੀ: ਪੁਲਿਤਜ਼ਰ ਪੁਰਸਕਾਰ ਜੇਤੂ ਅਤੇ ਕਸ਼ਮੀਰੀ ਫੋਟੋ ਪੱਤਰਕਾਰ ਸਨਾ ਇਰਸ਼ਾਦ ਮੱਟੂ ਨੂੰ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਰੋਕਿਆ ਗਿਆ। ਪੱਤਰਕਾਰ ਸਨਾ ਇਰਸ਼ਾਦ ਪੁਲਿਤਜ਼ਰ ਪੁਰਸਕਾਰ ਲੈਣ ਲਈ ਨਿਊਯਾਰਕ ਜਾ ਰਹੀ ਸੀ। ਉਹਨਾਂ ਕਿਹਾ ਕਿ ਅਮਰੀਕਾ ਦਾ ਜਾਇਜ਼ ਵੀਜ਼ਾ ਅਤੇ ਟਿਕਟ ਹੋਣ ਦੇ ਬਾਵਜੂਦ ਉਹਨਾਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਰੋਕ ਲਿਆ ਗਿਆ। ਇਹ ਦੂਜੀ ਵਾਰ ਹੈ ਜਦੋਂ ਉਹਨਾਂ ਨੂੰ ਦਿੱਲੀ ਹਵਾਈ ਅੱਡੇ 'ਤੇ ਰੋਕਿਆ ਗਿਆ ਹੈ। ਇਸ ਤੋਂ ਪਹਿਲਾਂ ਜੁਲਾਈ ਵਿਚ ਵੀ ਉਹਨਾਂ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ ਸੀ।
ਸਨਾ ਇਰਸ਼ਾਦ ਨੇ ਸੋਸ਼ਲ ਮੀਡੀਆ 'ਤੇ ਲਿਖਿਆ- 'ਮੈਂ ਪੁਲਿਤਜ਼ਰ ਪੁਰਸਕਾਰ ਲੈਣ ਲਈ ਨਿਊਯਾਰਕ ਜਾ ਰਹੀ ਸੀ ਪਰ ਮੈਨੂੰ ਦਿੱਲੀ ਏਅਰਪੋਰਟ ਦੇ ਇਮੀਗ੍ਰੇਸ਼ਨ 'ਤੇ ਰੋਕ ਦਿੱਤਾ ਗਿਆ। ਮੇਰੇ ਕੋਲ ਅਮਰੀਕਾ ਦਾ ਵੀਜ਼ਾ ਅਤੇ ਟਿਕਟ ਵੀ ਹੈ। ਇਸ ਦੇ ਬਾਵਜੂਦ ਮੈਨੂੰ ਵਿਦੇਸ਼ ਨਹੀਂ ਜਾਣ ਦਿੱਤਾ ਗਿਆ।
ਉਹਨਾਂ ਅੱਗੇ ਕਿਹਾ- 'ਇਹ ਦੂਜੀ ਵਾਰ ਹੈ ਜਦੋਂ ਮੈਨੂੰ ਬਿਨ੍ਹਾਂ ਕਿਸੇ ਕਾਰਨ ਜਾਂ ਜਾਣਕਾਰੀ ਦੇ ਰੋਕਿਆ ਗਿਆ ਹੈ। ਕੁਝ ਮਹੀਨੇ ਪਹਿਲਾਂ ਵਾਪਰੀ ਘਟਨਾ ਤੋਂ ਬਾਅਦ ਕਈ ਅਧਿਕਾਰੀਆਂ ਤੱਕ ਪਹੁੰਚ ਕਰਨ ਤੋਂ ਬਾਅਦ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਜੀਵਨ ਵਿਚ ਇਕ ਵਾਰ ਪੁਰਸਕਾਰ ਸਮਾਰੋਹ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ’।
ਇਸ ਤੋਂ ਪਹਿਲਾਂ ਸਨਾ ਜੁਲਾਈ ਵਿਚ ਇਕ ਕਿਤਾਬ ਲਾਂਚ ਅਤੇ ਇਕ ਫੋਟੋਗ੍ਰਾਫੀ ਪ੍ਰਦਰਸ਼ਨੀ ਵਿਚ ਸ਼ਾਮਲ ਹੋਣ ਲਈ ਪੈਰਿਸ ਜਾ ਰਹੀ ਸੀ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਦਿੱਲੀ ਹਵਾਈ ਅੱਡੇ 'ਤੇ ਰੋਕ ਦਿੱਤਾ। ਅਧਿਕਾਰੀਆਂ ਮੁਤਾਬਕ ਜੰਮੂ-ਕਸ਼ਮੀਰ ਪੁਲਿਸ ਵੱਲੋਂ ਉਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਉਸ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਸੀ। ਮੱਟੂ ਸਮੇਤ ਚਾਰ ਭਾਰਤੀ ਫੋਟੋ ਜਰਨਲਿਸਟਾਂ ਨੂੰ ਇਸ ਸਾਲ ਮਈ ਵਿਚ ਗਲੋਬਲ ਮਹਾਮਾਰੀ ਕੋਵਿਡ-19 ਦੌਰਾਨ ਉਹਨਾਂ ਦੀ ਕਵਰੇਜ ਲਈ ਮੀਡੀਆ ਦਾ ਸਭ ਤੋਂ ਵੱਡਾ ਸਨਮਾਨ ਪੁਲਿਤਜ਼ਰ ਪੁਰਸਕਾਰ ਦਿੱਤਾ ਗਿਆ ਸੀ।