
ਦਿੱਗਜ਼ ਬਜ਼ੁਰਗਾਂ ਦਾ ਪਾਰਟੀ ਤੋਂ ਦੂਰ ਜਾਣਾ ਸ਼ੁਭ ਸਗਨ ਨਹੀਂ
ਚੰਡੀਗੜ੍ਹ : ਕਿਸੇ ਸਮੇਂ ਘਾਗ, ਤਜਰਬੇਕਾਰ ਤੇ ਬਜ਼ੁਰਗ ਆਗੂਆਂ ਦੀ ਛਤਰ ਛਾਇਆ ਮਾਣਨ ਵਾਲਾ ਸ਼੍ਰੋਮਣੀ ਅਕਾਲੀ ਦਲ ਅਜੋਕੇ ਸਮੇਂ ਬਜ਼ੁਰਗਾਂ ਦੇ ਛਾਏ ਤੋਂ ਵਿਰਵਾ ਹੁੰਦਾ ਜਾ ਰਿਹਾ ਹੈ। ਜਦੋਂ ਦਾ ਵੱਡੇ ਬਾਦਲ ਨੇ ਸਰਗਰਮ ਸਿਆਸਤ ਤੋਂ ਕਿਨਾਰਾ ਕੀਤਾ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਵਾਂਗਡੋਰ ਸੰਭਾਲੀ ਹੈ, ਉਦੋਂ ਤੋਂ ਪਾਰਟੀ ਅੰਦਰ ਬਜ਼ੁਰਗ ਆਗੂਆਂ 'ਚ ਬੇਚੈਨੀ ਦੇ ਨਿਰਾਸ਼ਤਾ ਵਧਦੀ ਆ ਰਹੀ ਹੈ। ਇਸ ਦਾ ਪ੍ਰਤੱਖ ਪ੍ਰਮਾਣ ਪਿਛਲੇ ਸਮੇਂ ਦੌਰਾਨ ਸੀਨੀਅਰ ਬਜ਼ੁਰਗ ਅਕਾਲੀ ਆਗੂਆਂ ਵਲੋਂ ਪਾਰਟੀ ਤੋਂ ਕਿਨਾਰਾ ਕਰ ਜਾਣ ਤੋਂ ਮਿਲਦਾ ਹੈ।
Photo
ਭਾਵੇਂ ਇਸ ਦਾ ਮੁੱਢ ਕੁੱਝ ਸਮਾਂ ਪਹਿਲਾਂ ਮਾਝੇ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਵੱਲੋਂ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬੱਝਾ ਸੀ, ਪਰ ਹੁਣ ਹੋਲੀ ਹੋਲੀ ਇਸ ਦਾ ਘੇਰਾ ਮੋਕਲਾ ਹੁੰਦਾ ਜਾ ਰਿਹਾ ਹੈ। ਹੁਣੇ ਹੁਣੇ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਸੁਖਬੀਰ ਸਿੰਘ ਬਾਦਲ ਵਿਰੁਧ ਬਗਾਵਤੀ ਸੁਰਾਂ ਤੇਜ਼ ਕਰ ਦਿਤੀਆਂ ਹਨ। ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਸਿਰ ਤੋਂ ਬਜ਼ੁਰਗਾਂ ਦਾ ਛਾਇਆ ਹਟਦਾ ਜਾ ਰਿਹਾ, ਉਹ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਲਈ ਸ਼ੁਭ ਸੰਕੇਤ ਨਹੀਂ ਹੈ।
Photo
ਇਨ੍ਹਾਂ ਆਗੂਆਂ ਦੇ ਜਾਣ ਨਾਲ ਇਨ੍ਹਾਂ ਨਾਲ ਜੁੜੇ ਵੱਡੀ ਗਿਣਤੀ ਆਮ ਵਰਕਰ ਵੀ ਪਾਰਟੀ ਤੋਂ ਦੂਰ ਹੁੰਦੇ ਜਾ ਰਹੇ ਹਨ। ਇਨ੍ਹਾਂ ਸਾਰੇ ਆਗੂਆਂ ਦੇ ਪਾਰਟੀ ਛੱਡਣ ਪਿਛੇ ਮੂਲ ਕਾਰਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਹੀ ਹੈ, ਜਿਸ 'ਤੇ ਇਹ ਆਗੂ ਕਿੰਤੂ ਪ੍ਰੰਤੂ ਕਰਦੇ ਰਹੇ ਹਨ। ਜਿਵੇਂ ਬੀਤੇ ਦਿਨ ਸੁਖਦੇਵ ਸਿੰਘ ਢੀਂਡਸਾ ਵੀ ਕਹਿ ਚੁੱਕੇ ਹਨ ਕਿ ਉਹ ਸੁਖਬੀਰ ਬਾਦਲ ਨੂੰ ਆਪਣਾ ਪ੍ਰਧਾਨ ਨਹੀਂ ਮੰਨਦੇ, ਠੀਕ ਇਸੇ ਤਰ੍ਹਾਂ ਦੇ ਵਿਚਾਰ ਬਾਕੀ ਆਗੂ ਵੀ ਕਿਤੇ ਨਾ ਕਿਤੇ ਪ੍ਰਗਟ ਕਰ ਚੁੱਕੇ ਹਨ।
Photo
ਭਾਵੇਂ ਸੁਖਬੀਰ ਸਿੰਘ ਬਾਦਲ ਅਨੇਕਾਂ ਵਾਰ ਇਹ ਗੱਲ ਕਹਿ ਚੁੱਕੇ ਹਨ ਕਿ ਅਕਾਲੀ ਦਲ ਦੀ ਸਥਾਪਨਾ ਬਜ਼ੁਰਗਾਂ ਦੀਆਂ ਕੁਰਬਾਨੀਆਂ ਸਦਕਾ ਹੋਈ ਹੈ। ਉਹ ਇਹ ਵੀ ਆਮ ਕਹਿੰਦੇ ਰਹਿੰਦੇ ਹਨ ਕਿ ਅਕਾਲੀ ਦਲ ਕਿਸੇ ਇਕ ਦੀ ਜਗੀਰ ਨਹੀਂ ਹੈ। ਪਰ ਸੁਖਬੀਰ ਬਾਦਲ ਨਾ ਹੀ ਬਜ਼ੁਰਗ ਆਗੂਆਂ ਨੂੰ ਪਾਰਟੀ ਨਾਲ ਜੋੜ ਕੇ ਰੱਖ ਪਾ ਰਹੇ ਹਨ ਅਤੇ ਨਾ ਹੀ ਬਜ਼ੁਰਗ ਆਗੂਆਂ ਨੂੰ ਸਮਝਾ ਪਾ ਰਹੇ ਹਨ ਕਿ ਇਹ ਪਾਰਟੀ ਕਿਸੇ ਦੀ ਇਕ ਦੀ ਜਗੀਰ ਨਹੀਂ ਹੈ ਬਲਕਿ ਉਨ੍ਹਾਂ ਸਭਨਾਂ ਦੀ ਹੈ, ਜੋ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ।
Photo
ਅੰਦਰ ਦੀਆਂ ਕਨਸੋਆਂ ਅਨੁਸਾਰ ਪਾਰਟੀ ਤੋਂ ਨਾਰਾਜ਼ ਹੋ ਕੇ ਅਲਹਿਦਾ ਹੋਏ ਸਾਰੇ ਆਗੂ ਇਕ ਮੰਚ 'ਤੇ ਇਕੱਠੇ ਹੋਣ ਦਾ ਮੰਨ ਵੀ ਬਣਾ ਚੁੱਕੇ ਹਨ। ਬੀਤੇ ਦਿਨੀਂ ਸੁਖਦੇਵ ਸਿੰਘ ਢੀਂਡਸਾ ਦਾ ਇਹ ਕਹਿਣਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦੇ ਸਿਧਾਂਤਾਂ 'ਤੇ ਮੋੜ ਲਿਆਉਣ ਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਅਜ਼ਾਰੇਦਾਰੀ ਤੋਂ ਮੁਕਤੀ ਦਿਵਾਉਣ ਲਈ ਦ੍ਰਿੜ੍ਹ ਸੰਕਲਪ ਹਨ, ਇਸੇ ਗੱਲ ਦਾ ਸੰਕੇਤ ਹੈ ਕਿ ਸੁਖਬੀਰ ਦੇ ਸਿਰ ਤੋਂ ਹੋਰ ਬਜ਼ੁਰਗ ਆਗੂਆਂ ਦਾ ਛਾਇਆ ਉਠਣ ਵਾਲਾ ਹੈ।