
4 ਸਾਲਾਂ 'ਚ 22 ਪਿੰਡ ਸਵਾਏ, ਜਿਨ੍ਹਾਂ ਵਿਚੋਂ 8 ਪਿੰਡ ਭਾਰਤੀ ਸਰਹੱਦ ਨੇੜੇ
ਨਵੀਂ ਦਿੱਲੀ, : ਚੀਨ ਨੇ ਪਿਛਲੇ 8 ਸਾਲਾਂ ’ਚ ਭੂਟਾਨ ਸਰਹੱਦ ਨੇੜੇ 22 ਪਿੰਡਾਂ ਨੂੰ ਵਸਾਇਆ ਹੈ। ਇਕ ਅਖ਼ਬਾਰ ਨੇ ਸੈਟੇਲਾਈਟ ਫ਼ੋਟੋ ਦੀ ਮਦਦ ਨਾਲ ਇਕ ਰਿਪੋਰਟ ’ਚ ਇਹ ਪ੍ਰਗਟਾਵਾ ਕੀਤਾ ਹੈ। ਇਸ ਮੁਤਾਬਕ ਭੂਟਾਨ ਦੇ ਪੱਛਮੀ ਹਿੱਸੇ ’ਚ ਡੋਕਲਾਮ ਸਰਹੱਦ ਨੇੜੇ 8 ਪਿੰਡ ਹਨ। ਉਹ ਸਾਲ 2020 ਤੋਂ ਬਾਅਦ ਸੈਟਲ ਹੋ ਗਏ ਹਨ।
ਇਹ ਪਿੰਡ ਉਸ ਘਾਟੀ ’ਤੇ ਸਥਿਤ ਹਨ, ਜਿਸ ’ਤੇ ਚੀਨ ਹਮੇਸ਼ਾ ਦਾਅਵਾ ਕਰਦਾ ਰਿਹਾ ਹੈ। ਇਨ੍ਹਾਂ ਪਿੰਡਾਂ ਨੇੜੇ ਚੀਨੀ ਫ਼ੌਜੀ ਚੌਕੀਆਂ ਹਨ। 22 ਵਸੇ ਹੋਏ ਪਿੰਡਾਂ ਵਿਚੋਂ ਸੱਭ ਤੋਂ ਵੱਡਾ ਪਿੰਡ ਜੀਊ ਹੈ। ਇਹ ਤਸੇਥੰਖਾ ’ਤੇ ਸਥਿਤ ਹੈ, ਇਕ ਰਵਾਇਤੀ ਭੂਟਾਨੀ ਚਰਾਗਾਹ ਹੈ। ਭਾਰਤ ਸਰਕਾਰ ਨੇ ਇਸ ਮਾਮਲੇ ਵਿਚ ਅਜੇ ਤਕ ਕੋਈ ਬਿਆਨ ਨਹੀਂ ਦਿਤਾ ਹੈ। ਮਾਹਰਾਂ ਮੁਤਾਬਕ ਇਨ੍ਹਾਂ ਖੇਤਰਾਂ ’ਚ ਚੀਨ ਦੀਆਂ ਵਧਦੀਆਂ ਗਤੀਵਿਧੀਆਂ ਕਾਰਨ ਭਾਰਤ ਨੂੰ ਉਤਰ-ਪੂਰਬੀ ਰਾਜਾਂ ਨਾਲ ਜੋੜਨ ਵਾਲੇ ਸਿਲੀਗੁੜੀ ਕਾਰੀਡੋਰ ਦੀ ਸੁਰੱਖਿਆ ਖ਼ਤਰੇ ’ਚ ਪੈ ਸਕਦੀ ਹੈ। ਸਿਲੀਗੁੜੀ ਕੋਰੀਡੋਰ ਵਿੱਚ ਭਾਰਤ-ਤਿੱਬਤ-ਭੂਟਾਨ ਟਰਾਈ-ਜੰਕਸ਼ਨ ਹੈ।
ਇਹ 60 ਕਿਲੋਮੀਟਰ ਲੰਬਾ ਅਤੇ 22 ਕਿਲੋਮੀਟਰ ਚੌੜਾ ਕੋਰੀਡੋਰ ਉਤਰ-ਪੂਰਬ ਦੇ 7 ਰਾਜਾਂ ਨੂੰ ਭਾਰਤ ਨਾਲ ਜੋੜਦਾ ਹੈ। ਖੋਜਕਾਰ ਰੌਬਰਟ ਬਾਰਨੇਟ ਨੇ ਦਸਿਆ ਕਿ 2016 ਵਿਚ ਚੀਨ ਨੇ ਭੂਟਾਨ ਦੇ ਹਿੱਸੇ ਵਿਚ ਪਹਿਲੀ ਵਾਰ ਇਕ ਪਿੰਡ ਬਣਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਪਿਛਲੇ 8 ਸਾਲਾਂ ਵਿਚ 22 ਪਿੰਡਾਂ ਵਿਚ 2,284 ਘਰਾਂ ਦੀ ਸਥਾਪਨਾ ਕੀਤੀ ਗਈ ਹੈ। ਇਨ੍ਹਾਂ ਘਰਾਂ ਵਿਚ ਕਰੀਬ 7 ਹਜ਼ਾਰ ਲੋਕ ਰਹਿੰਦੇ ਹਨ।