
22 ਜਨਵਰੀ ਤਕ ਧੁੰਦ ਪੈਣ ਦੀ ਭਵਿੱਖਬਾਣੀ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਸਨਿਚਰਵਾਰ ਨੂੰ ਕਿਹਾ ਕਿ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਸਮੁੰਦਰ ਤਲ ਤੋਂ 12.6 ਕਿਲੋਮੀਟਰ ਦੀ ਉਚਾਈ ’ਤੇ 130-160 ਨੌਟ ਦੀ ਰਫਤਾਰ ਨਾਲ ਜੈੱਟ ਸਟ੍ਰੀਮ ਦੀਆਂ ਹਵਾਵਾਂ ਅਜੇ ਵੀ ਚੱਲ ਰਹੀਆਂ ਹਨ, ਜਿਸ ਨਾਲ ਸ਼ੀਤ ਲਹਿਰ/ਠੰਢ ਦੀ ਸਥਿਤੀ ਵਧ ਗਈ ਹੈ, ਜੋ ਅਗਲੇ 3-4 ਦਿਨਾਂ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ, ‘‘ਹਵਾ ਚੱਲਣ ਕਾਰਨ ਉੱਤਰੀ ਭਾਰਤ ’ਚ ਸੀਤ ਲਹਿਰ/ਠੰਢੇ ਦਿਨ ਦੀ ਸਥਿਤੀ ਵਧ ਰਹੀ ਹੈ। ਜੈੱਟ ਸਟ੍ਰੀਮ ਦੀ ਤੀਬਰਤਾ ਅਗਲੇ 3-4 ਦਿਨਾਂ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਤੀਬਰਤਾ ’ਚ ਕਮੀ ਆਉਣ ਦੀ ਸੰਭਾਵਨਾ ਹੈ।’’ ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁੱਝ ਹਿੱਸਿਆਂ ’ਚ ਸਨਿਚਰਵਾਰ ਰਾਤ ਅਤੇ 22 ਜਨਵਰੀ ਦੀ ਸਵੇਰ ਦੌਰਾਨ ਕੁੱਝ ਘੰਟਿਆਂ ਲਈ ਸੰਘਣੀ ਧੁੰਦ ਅਤੇ ਅਗਲੇ ਦੋ ਦਿਨਾਂ ਤਕ ਵੱਖ-ਵੱਖ ਇਲਾਕਿਆਂ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ’ਚ ਸਨਿਚਰਵਾਰ ਨੂੰ ਠੰਢ ਦਾ ਕਹਿਰ ਜਾਰੀ ਰਿਹਾ ਅਤੇ ਪਟਿਆਲਾ ’ਚ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਹਾਂ ਗੁਆਂਢੀ ਸੂਬਿਆਂ ’ਚ ਸੰਘਣੀ ਧੁੰਦ ਛਾਈ ਰਹੀ ਜਦਕਿ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਥੋੜ੍ਹਾ ਜਿਹਾ ਵੱਧ ਰਿਹਾ। ਮੌਸਮ ਵਿਭਾਗ ਦੀ ਰੀਪੋਰਟ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ ਜਦਕਿ ਲੁਧਿਆਣਾ ’ਚ ਘੱਟੋ-ਘੱਟ ਤਾਪਮਾਨ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਠਾਨਕੋਟ, ਬਠਿੰਡਾ, ਫਰੀਦਕੋਟ ਅਤੇ ਗੁਰਦਾਸਪੁਰ ’ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 8.3 ਡਿਗਰੀ ਸੈਲਸੀਅਸ, 6 ਡਿਗਰੀ ਸੈਲਸੀਅਸ, 6.8 ਡਿਗਰੀ ਸੈਲਸੀਅਸ ਅਤੇ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ ਦੋ ਡਿਗਰੀ ਵੱਧ ਹੈ। ਗੁਆਂਢੀ ਸੂਬੇ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ’ਚ ਘੱਟੋ-ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅੰਬਾਲਾ, ਹਿਸਾਰ, ਕਰਨਾਲ, ਨਾਰਨੌਲ, ਰੋਹਤਕ ਅਤੇ ਸਿਰਸਾ ’ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 8 ਡਿਗਰੀ ਸੈਲਸੀਅਸ, 6.1 ਡਿਗਰੀ ਸੈਲਸੀਅਸ, 8.6 ਡਿਗਰੀ ਸੈਲਸੀਅਸ, 6 ਡਿਗਰੀ ਸੈਲਸੀਅਸ, 9 ਡਿਗਰੀ ਸੈਲਸੀਅਸ ਅਤੇ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਰਾਜਧਾਨੀ ਦਿੱਲੀ ’ਚ ਘੱਟ ਤੋਂ ਘੱਟ ਤਾਪਮਾਨ 8.5 ਡਿਗਰੀ ਦਰਜ ਕੀਤਾ ਗਿਆ ਜੋ ਮੌਸਮ ਦੇ ਔਸਤ ਤੋਂ ਇਕ ਡਿਗਰੀ ਵੱਧ ਹੈ। ਆਈ.ਐੱਮ.ਡੀ. ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਸਨਿਚਰਵਾਰ ਰਾਤ ਤੋਂ ਐਤਵਾਰ ਸਵੇਰ ਤਕ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁੱਝ ਹਿੱਸਿਆਂ ’ਚ ਰਾਤ/ਸਵੇਰੇ ਕੁੱਝ ਘੰਟਿਆਂ ਲਈ ਸੰਘਣੀ ਧੁੰਦ ਅਤੇ ਅਗਲੇ ਚਾਰ ਦਿਨਾਂ ਤਕ ਵੱਖ-ਵੱਖ ਹਿੱਸਿਆਂ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਸਨਿਚਰਵਾਰ ਨੂੰ ਅਤੇ ਐਤਵਾਰ ਨੂੰ ਵੱਖ-ਵੱਖ ਇਲਾਕਿਆਂ ’ਚ ਠੰਢ ਤੋਂ ਲੈ ਕੇ ਅਗਲੇ ਤਿੰਨ ਦਿਨਾਂ ਤਕ ਠੰਢ ਦੀ ਸਥਿਤੀ ਜਾਰੀ ਰਹਿਣ ਦੀ ਸੰਭਾਵਨਾ ਹੈ।
ਆਈ.ਐੱਮ.ਡੀ. ਨੇ ਕਿਹਾ ਕਿ ਅਗਲੇ ਦੋ ਦਿਨਾਂ ਦੌਰਾਨ ਮੱਧ ਭਾਰਤ ਦੇ ਕਈ ਹਿੱਸਿਆਂ ’ਚ ਘੱਟੋ ਘੱਟ ਤਾਪਮਾਨ ’ਚ 2-3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਹੋਵੇਗੀ। ਆਈ.ਐੱਮ.ਡੀ. ਨੇ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਝਾਰਖੰਡ, ਉਪ-ਹਿਮਾਲਿਆਈ ਪਛਮੀ ਬੰਗਾਲ, ਸਿੱਕਮ ਅਤੇ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ 6-10 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ।
ਉੱਤਰੀ ਮੱਧ ਪ੍ਰਦੇਸ਼, ਦੱਖਣ-ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਬਿਹਾਰ ਅਤੇ ਗੰਗਾ ਪਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ’ਚ ਤਾਪਮਾਨ ਆਮ ਨਾਲੋਂ 2-4 ਡਿਗਰੀ ਸੈਲਸੀਅਸ ਘੱਟ ਹੈ। ਅੱਜ ਸੱਭ ਤੋਂ ਘੱਟ ਤਾਪਮਾਨ ਨੌਗੋਂਗ (ਪੂਰਬੀ ਮੱਧ ਪ੍ਰਦੇਸ਼) ’ਚ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।