
Himachal Snowfall News: ਬਰਫ਼ੀਲੀਆਂ ਹਵਾਵਾਂ ਕਾਰਨ ਹਿਮਾਚਲ ਦੇ ਤਿੰਨ ਸ਼ਹਿਰਾਂ 'ਚ ਤਾਪਮਾਨ ਮਨਫ਼ੀ ਤੱਕ ਪਹੁੰਚ ਗਿਆ
Himachal Snowfall News: ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਬਰਫ਼ੀਲੀਆਂ ਹਵਾਵਾਂ ਕਾਰਨ ਹਿਮਾਚਲ ਦੇ ਤਿੰਨ ਸ਼ਹਿਰਾਂ 'ਚ ਤਾਪਮਾਨ ਮਨਫ਼ੀ ਤੱਕ ਪਹੁੰਚ ਗਿਆ। ਟੈਬੋ ਵਿੱਚ ਸਭ ਤੋਂ ਘੱਟ ਤਾਪਮਾਨ ਮਨਫ਼ੀ 5 ਡਿਗਰੀ ਦਰਜ ਕੀਤਾ ਗਿਆ। ਅਗਲੇ 4 ਦਿਨਾਂ ਤੱਕ ਇੱਥੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਸੋਮਵਾਰ ਸਵੇਰੇ ਦੇਸ਼ ਦੇ 11 ਸੂਬਿਆਂ 'ਚ ਸੰਘਣੀ ਧੁੰਦ ਵੀ ਦੇਖਣ ਨੂੰ ਮਿਲੀ। ਮੱਧ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ ਅਤੇ ਉੱਤਰਾਖੰਡ ਤੋਂ ਇਲਾਵਾ ਉੱਤਰ ਪੂਰਬੀ ਰਾਜਾਂ ਵਿੱਚ ਵਿਜ਼ੀਬਿਲਟੀ ਘਟੀ ਹੈ। ਦਿੱਲੀ ਵਿੱਚ ਧੁੰਦ ਕਾਰਨ 19 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਬਰਫ਼ੀਲੀਆਂ ਹਵਾਵਾਂ ਕਾਰਨ ਉੱਤਰ ਪ੍ਰਦੇਸ਼ ਦੇ ਕਈ ਜ਼ਿਲਿਆਂ 'ਚ ਤਾਪਮਾਨ 10 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ। ਇਟਾਵਾ 'ਚ ਪਾਰਾ 5 ਡਿਗਰੀ ਤੱਕ ਪਹੁੰਚ ਗਿਆ।
ਅਯੁੱਧਿਆ 'ਚ ਠੰਢ ਕਾਰਨ 5ਵੀਂ ਜਮਾਤ ਤੱਕ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ 6ਵੀਂ ਤੋਂ 12ਵੀਂ ਤੱਕ ਦੇ ਸਕੂਲਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਪੰਜਾਬ ਵਿੱਚ ਵੀ ਸੀਤ ਲਹਿਰ ਕਾਰਨ ਸਰਦੀ ਦਾ ਪ੍ਰਭਾਵ ਜਾਰੀ ਹੈ। ਅੰਮ੍ਰਿਤਸਰ 'ਚ ਸੋਮਵਾਰ ਸਵੇਰੇ ਪਾਰਾ 4.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ 'ਚ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ। ਦੂਜੇ ਪਾਸੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਸ਼ੀਤ ਲਹਿਰ ਦੀ ਕੋਈ ਚਿਤਾਵਨੀ ਨਹੀਂ ਹੈ ਪਰ ਤਾਪਮਾਨ ਵਿੱਚ ਗਿਰਾਵਟ ਜਾਰੀ ਹੈ।