ਨੋਇਡਾ ’ਚ ਇਕ ਸਾਫਟਵੇਅਰ ਇੰਜੀਨੀਅਰ ਦੀ ਕਾਰ ਸਣੇ ਪਾਣੀ ਨਾਲ ਭਰੇ ਟੋਏ ’ਚ ਡਿੱਗਣ ਕਾਰਨ ਹੋ ਗਈ ਸੀ ਮੌਤ
ਨਵੀਂ ਦਿੱਲੀ: ਨੋਇਡਾ ’ਚ ਇਕ ਸਾਫਟਵੇਅਰ ਇੰਜੀਨੀਅਰ ਦੀ ਕਾਰ ਪਾਣੀ ਨਾਲ ਭਰੇ ਟੋਏ ’ਚ ਡਿੱਗਣ ਕਾਰਨ ਮੌਤ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ’ਚ ਸ਼ਹਿਰਾਂ ਦੇ ਸਿਸਟਮ ’ਚ ਨਿਘਾਰ ਦਾ ਕਾਰਨ ਪੈਸੇ, ਤਕਨਾਲੋਜੀ ਜਾਂ ਹੱਲ ਦੀ ਘਾਟ ਕਾਰਨ ਨਹੀਂ ਸਗੋਂ ਜਵਾਬਦੇਹੀ ਦੀ ਘਾਟ ਹੈ। ‘ਐਕਸ’ ਉਤੇ ਇਕ ਪੋਸਟ ’ਚ ਰਾਹੁਲ ਗਾਂਧੀ ਨੇ ਕਿਹਾ, ‘‘ਸੜਕਾਂ ਮਾਰਦੀਆਂ ਹਨ, ਪੁਲ ਮਾਰਦੇ ਹਨ, ਅੱਗ ਮਾਰਦੀ ਹੈ, ਪਾਣੀ ਮਾਰਦਾ ਹੈ, ਪ੍ਰਦੂਸ਼ਣ ਮਾਰਦਾ ਹੈ, ਭ੍ਰਿਸ਼ਟਾਚਾਰ ਮਾਰਦਾ ਹੈ, ਉਦਾਸੀਨਤਾ ਮਾਰਦੀ ਹੈ।
ਭਾਰਤ ਦਾ ਸ਼ਹਿਰੀ ਸਿਸਟਮ ਪੈਸੇ, ਟੈਕਨੋਲੋਜੀ ਜਾਂ ਸਮਾਧਾਨਾਂ ਦੀ ਘਾਟ ਕਾਰਨ ਤਬਾਹ ਨਹੀਂ ਹੋਇਆ ਹੈ। ਇਹ ਜਵਾਬਦੇਹੀ ਦੀ ਘਾਟ ਕਾਰਨ ਹੈ। ਕੋਈ ਜਵਾਬਦੇਹੀ ਨਹੀਂ ਹੈ।’’ ਰਾਹੁਲ ਗਾਂਧੀ ਨੇ ਇਕ ਚਸ਼ਮਦੀਦ ਗਵਾਹ ਦੀ ਟਿਪਣੀ ਵਾਲੀ ਇਕ ਵੀਡੀਉ ਸਾਂਝੀ ਕੀਤੀ, ਜਿਸ ਵਿਚ ਕਿਹਾ ਗਿਆ ਸੀ ਕਿ ਸਮੇਂ ਸਿਰ ਕਾਰਵਾਈ ਕਰਨ ਨਾਲ ਵਿਅਕਤੀ ਨੂੰ ਬਚਾਇਆ ਜਾ ਸਕਦਾ ਸੀ, ਅਤੇ ਮ੍ਰਿਤਕ ਦੇ ਪਿਤਾ ਦੀ, ਜਿਨ੍ਹਾਂ ਨੇ ਅਫਸੋਸ ਪ੍ਰਗਟਾਇਆ ਕਿ ਉੱਥੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ’ਚੋਂ ਕੁੱਝ ਵੀਡੀਉ ਬਣਾ ਰਹੇ ਸਨ ਪਰ ਕਿਸੇ ਨੇ ਉਨ੍ਹਾਂ ਦੇ ਬੇਟੇ ਨੂੰ ਬਚਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ।
