
JNU ਮਾਮਲਾ : ਪ੍ਰੋਫ਼ੈਸਰ ਤੋਂ ਅੱਜ ਹੋ ਸਕਦੀ ਹੈ ਪੁਛਗਿਛ, 17 ਵਿਦਿਆਰਥੀਆਂ ਵਿਰੁਧ ਵੀ ਮਾਮਲਾ ਦਰਜ
ਦਿੱਲੀ: ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ (JNU) ਦੇ ਵਿਦਿਆਰਥੀਆਂ ਦੁਆਰਾ ਇਕ ਵਾਰ ਫਿਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੇਐਨਯੂ ਵਿਚ 9 ਵਿਦਿਆਰਥੀਆਂ ਨਾਲ ਜਿਨਸੀ ਸੋਸ਼ਣ ਦੇ ਕਥਿਤ ਦੋਸ਼ੀ ਪ੍ਰੋਫ਼ੈਸਰ ਅਤੁੱਲ ਜੌਹਰੀ ਵਿਰੁਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮੋਰਚਾ ਖੋਲ੍ਹ ਦਿਤਾ ਹੈ। ਸੋਮਵਾਰ ਨੂੰ ਲਗਾਤਾਰ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਪ੍ਰੋਫ਼ੈਸਰ ਵਿਰੁਧ 8 ਮਾਮਲੇ ਦਰਜ ਕੀਤੇ ਹਨ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਹੰਗਾਮਾ ਬੰਦ ਕੀਤਾ। ਕਥਿਤ ਦੋਸ਼ੀ ਪ੍ਰੋਫ਼ੈਸਰ ਤੋਂ ਅੱਜ ਪੁਛਗਿਛ ਹੋ ਸਕਦੀ ਹੈ।
ਹਾਲਾਂਕਿ ਇਸ ਮਾਮਲੇ 'ਚ ਕੁੱਝ ਮਹਿਲਾ ਸੰਗਠਨ ਅੱਜ ਫਿਰ ਦੁਪਹਿਰ 12 ਵਜੇ ਵਸੰਤ ਕੁੰਜ ਪੁਲਿਸ ਸਟੇਸ਼ਨ 'ਤੇ ਪ੍ਰਦਰਸ਼ਨ ਕਰ ਸਕਦੇ ਹਨ। ਸੋਮਵਾਰ ਸ਼ਾਮ ਨੂੰ ਵੀ ਜੇਐਨਯੂ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਤੋਂ ਰੋਸ ਪ੍ਰਦਰਸ਼ਨ ਕੀਤਾ ਅਤੇ ਵਸੰਤ ਕੁੰਜ ਪੁੱਜੇ ਸਨ। ਵਿਦਿਆਰਥੀਆਂ ਨੇ ਵਸੰਤਕੁੰਜ ਪੁਲਿਸ ਥਾਣੇ ਅੱਗੇ ਲੱਗੇ ਨਾਕੇ ਤੋੜ ਦਿਤੇ ਸਨ ਅਤੇ ਵਿਦਿਆਰਥੀਆਂ ਨੂੰ ਰੋਕਣ ਲਈ ਲਗਾਈਆਂ ਗਈਆਂ ਰੱਸੀਆਂ ਵੀ ਖਿਚ ਲਈਆਂ। ਵਿਦਿਆਰਥੀਆਂ ਨੇ ਹਾਈਵੇ ਵੀ ਜਾਮ ਕਰ ਦਿਤਾ ਸੀ।
JNU students
ਵਿਦਿਆਰਥੀਆਂ ਵਿਰੁਧ ਵੀ ਮਾਮਲਾ ਦਰਜ
ਜੇਐਨਯੂ ਵਿਦਿਆਰਥੀ ਸੰਘ ਦੀ ਪ੍ਰਧਾਨ ਗੀਤਾ ਕੁਮਾਰੀ, ਉਪ-ਪ੍ਰਧਾਨ ਜੋਆ ਖ਼ਾਨ ਅਤੇ ਹੋਰ ਵਿਦਿਆਰਥੀਆਂ ਵਿਰੁਧ ਡੀਨ ਦੇ ਦਫ਼ਤਰ 'ਚ ਹੰਗਾਮਾ ਕਰਨ ਦੇ ਮਾਮਲੇ 'ਚ ਮਾਮਲਾ ਦਰਜ ਹੋਇਆ ਹੈ। ਇਹ ਮਾਮਲਾ ਪ੍ਰੋਫ਼ੈਸਰ ਉਮੇਸ਼ ਅਸ਼ੋਕ ਕਦਮ ਨੇ ਦਰਜ ਕਰਵਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਜ਼ਬਰਦਸਤੀ ਉਨ੍ਹਾਂ ਦੇ ਦਫ਼ਤਰ ਵਿਚ ਵੜ ਗਏ ਸਨ। ਉਨ੍ਹਾਂ ਦਸਿਆ ਕਿ ਵਿਦਿਆਰਥੀਆਂ ਨੇ ਡੀਨ ਨੂੰ ਬੰਧਕ ਬਣਾ ਲਿਆ ਸੀ। ਇਸ ਮਾਮਲੇ ਵਿਚ ਗੀਤਾ ਸਮੇਤ ਕੁਲ 17 ਵਿਦਿਆਰਥੀਆਂ ਦੇ ਨਾਮ ਹਨ।
ਕੀ ਹੈ ਮੰਗ ?
JNU Protest
ਜੇਐਨਯੂ ਦੇ ਵਿਦਿਆਰਥੀ ਅਤੇ ਅਧਿਆਪਕ ਚਾਹੁੰਦੇ ਹਨ ਕਿ ਜੌਹਰੀ ਵਿਰੁਧ ਕਾਰਵਾਈ ਹੋਵੇ। ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਕਥਿਤ ਦੋਸ਼ੀ ਪ੍ਰੋਫ਼ੈਸਰ ਵਿਰੁਧ ਸੋਮਵਾਰ ਸ਼ਾਮ ਨੂੰ ਜੇਐਨਯੂ ਦੇ ਵਿਦਿਆਰਥੀ ਬਸੰਤ ਕੁੰਜ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਪੀੜਤ ਵਿਦਿਆਰਥਣਾਂ ਦਾ ਬਿਆਨ ਦਰਜ ਕੀਤਾ ਹੈ। ਅਧਿਆਪਕਾਂ ਨੇ ਪ੍ਰੋਫ਼ੈਸਰ ਜੌਹਰੀ ਵਿਰੁਧ ਦਿੱਲੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ।
ਇਸ ਮਾਮਲੇ ਵਿਚ ਹੁਣ ਤਕ ਪੀੜਤ ਕੁੱਝ ਲੜਕੀਆਂ ਦੇ 164 ਦੇ ਤਹਿਤ ਬਿਆਨ ਕੋਰਟ ਵਿਚ ਦਰਜ ਹੋਏ ਹਨ। ਸੋਮਵਾਰ ਨੂੰ ਪ੍ਰੋਫ਼ੈਸਰ ਅਤੁੱਲ ਜੌਹਰੀ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਥਾਣੇ ਬੁਲਾਇਆ ਗਿਆ ਸੀ ਪਰ ਉਹ ਨਹੀਂ ਆਏ। ਸੋਮਵਾਰ ਨੂੰ ਇਸ ਮਾਮਲੇ ਵਿਚ ਦੋ ਲੜਕੀਆਂ ਦੇ ਬਿਆਨ ਦਰਜ ਹੋਏ। ਦੋਹਾਂ ਲੜਕੀਆਂ ਨੇ ਸਿਲਸਿਲੇਵਾਰ ਤਰੀਕੇ ਨਾਲ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿਤੀ। ਇਸ ਦੇ ਨਾਲ ਹੀ ਇਨ੍ਹਾਂ ਦੋਹਾਂ ਵਿਦਿਆਰਥਣਾਂ ਦੇ ਬਿਆਨ ਮਜਿਸਟ੍ਰੇਟ ਦੇ ਸਾਹਮਣੇ ਵੀ ਦਰਜ ਕਰਵਾਏ ਗਏ। ਹੁਣ ਬਾਕੀ ਲੜਕੀਆਂ ਦੇ ਬਿਆਨ ਮੰਗਲਵਾਰ ਨੂੰ ਦਰਜ ਹੋਣਗੇ।
JNU Protest
ਅਤੁੱਲ ਜੌਹਰੀ ਨੂੰ ਵੀ ਪੁਛਗਿਛ ਲਈ ਮੰਗਲਵਾਰ ਨੂੰ ਪੁਲਿਸ ਨੇ ਬੁਲਾਇਆ ਗਿਆ ਹੈ। ਪੁਲਿਸ ਇਸ ਮਾਮਲੇ ਵਿਚ ਲੜਕੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਸੀਸੀਟੀਵੀ ਫ਼ੁਟੇਜ ਲੈਣ ਤੋਂ ਬਾਅਦ ਅਤੁੱਲ ਜੌਹਰੀ ਨਾਲ ਪੁਛਗਿਛ ਦਾ ਮਨ ਬਣਾ ਰਹੀ ਹੈ ਤਾਕਿ ਪੁਖ਼ਤਾ ਰੂਪ ਤੋਂ ਇਸ ਕੇਸ ਵਿਚ ਅੱਗੇ ਵਧ ਸਕੇ। ਨਾਲ ਹੀ ਪੁਲਿਸ ਇਸ ਮਾਮਲੇ ਵਿਚ ਗਵਾਹਾਂ ਦੇ ਬਿਆਨ ਵੀ ਦਰਜ ਕਰ ਰਹੀ ਹੈ।
ਕਿਉਂ ਹੋ ਰਹੇ ਹਨ ਪ੍ਰਦਰਸ਼ਨ?
JNU students
ਕਥਿਤ ਦੋਸ਼ੀ ਪ੍ਰੋਫ਼ੈਸਰ ਵਿਰੁਧ ਜੇਐਨਯੂ ਕੰਪਲੈਕਸ ਵਿਚ ਪਿਛਲੇ ਕੁੱਝ ਦਿਨਾਂ ਤੋਂ ਵਿਦਿਆਰਥੀ ਪ੍ਰਦਰਸ਼ਨ ਵੀ ਕਰ ਰਹੇ ਹਨ। ਪ੍ਰੋਫ਼ੈਸਰ ਅਤੁੱਲ ਜੌਹਰੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਜੀਵਨ ਵਿਗਿਆਨ ਪੜ੍ਹਾਉਂਦੇ ਹਨ। ਇਲਜ਼ਾਮ ਹੈ ਕਿ ਪ੍ਰੋਫ਼ੈਸਰ ਅਤੁੱਲ ਕਲਾਸ ਦੇ ਦੌਰਾਨ ਵਿਦਿਆਰਥਣਾਂ ਦੇ ਨਾਲ ਅਸ਼ਲੀਲ ਗੱਲਾਂ ਅਤੇ ਛੇੜਖ਼ਾਨੀ ਕਰਦੇ ਸਨ। ਇਸ ਕਾਰਨ ਉਨ੍ਹਾਂ ਵਿਰੁਧ ਜੇਐਨਯੂ ਦੀਆਂ ਕਈ ਵਿਦਿਆਰਥਣਾਂ ਪਿਛਲੇ 4 ਦਿਨਾਂ ਤੋਂ ਕੈਂਪਸ ਵਿਚ ਪ੍ਰਦਰਸ਼ਨ ਕਰ ਰਹੀਆਂ ਸਨ।
ਇਸ ਤੋਂ ਬਾਅਦ ਜੇਐਨਯੂ ਦੀ ਕਰੀਬ 7 ਵਿਦਿਆਰਥਣਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਬਸੰਤ ਕੁੰਜ ਨਾਰਥ ਪੁਲਿਸ ਸਟੇਸ਼ਨ ਵਿਚ ਧਾਰਾ 354 ਅਤੇ 509 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਉਧਰ ਦੋਸ਼ੀ ਪ੍ਰੋਫ਼ੈਸਰ ਅਤੁੱਲ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁਧ ਸ਼ਿਕਾਇਤ ਕਰਨ ਵਾਲੀਆਂ ਵਿਦਿਆਰਥਣਾਂ ਦੀ ਹਾਜ਼ਰੀ ਕਲਾਸ ਵਿਚ ਘਟ ਹੈ। ਇਸ ਲਈ ਉਹ ਕਾਰਵਾਈ ਤੋਂ ਬਚਣ ਲਈ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੀਆਂ ਹਨ। ਫ਼ਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ।