
ਹਾਈ ਕੋਰਟ ਨੇ ਲਖਨਊ, ਗੋਰਖਪੁਰ, ਪ੍ਰਯਾਗਰਾਜ, ਵਾਰਾਣਸੀ ਅਤੇ ਕਾਨਪੁਰ ‘ਚ ਪਾਬੰਦੀ ਦਾ ਦਿਤਾ ਸੀ ਆਦੇਸ਼
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਵਲੋਂ ਉੱਤਰ ਪ੍ਰਦੇਸ਼ ਦੇ 5 ਸ਼ਹਿਰਾਂ 'ਚ 26 ਅਪ੍ਰੈਲ ਤਕ ਸਖ਼ਤ ਪਾਬੰਦੀ ਲਾਗੂ ਕਰਨ ਦੇ ਆਦੇਸ਼ 'ਤੇ ਅੰਤਰਿਮ ਰੋਕ ਲਗਾ ਦਿੱਤੀ। ਮੰਗਲਵਾਰ ਨੂੰ ਇਸ ਮਾਮਲੇ ਵਿਚ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਐਡਵੋਕੇਟ ਪੀ.ਐੱਸ. ਨਰਸਿਮਹਾ ਨੂੰ ਨਿਆਂ ਮਿੱਤਰ ਨਿਯੁਕਤ ਕੀਤਾ ਹੈ। ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਦੇ ਸਾਹਮਣੇ ਸਾਲਿਸੀਟਰ ਜਨਰਲ ਤੁਸ਼ਾਰ ਮੇਹਤਾ ਨੇ ਇਸ ਮਾਮਲੇ ਦੀ ਜਲਦ ਸੁਣਵਾਈ ਕਰਨ ਦੀ ਅਪੀਲ ਕੀਤੀ ਸੀ।
Supreme court
ਮੇਹਤਾ ਨੇ ਸੋਮਵਾਰ ਨੂੰ ਦਿੱਤੇ ਗਏ ਹਾਈ ਕੋਰਟ ਦੇ ਆਦੇਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਇਕ ਨਿਆਇਕ ਆਦੇਸ਼ 'ਚ ਇਕ ਹਫ਼ਤੇ ਲਈ ਇਕ ਤਰ੍ਹਾਂ ਨਾਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਲਖਨਊ, ਗੋਰਖਪੁਰ, ਪ੍ਰਯਾਗਰਾਜ, ਵਾਰਾਣਸੀ ਅਤੇ ਕਾਨਪੁਰ 'ਚ ਸਖ਼ਤ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਹੈ।
high court
ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ 5 ਵੱਡੇ ਸ਼ਹਿਰਾਂ 'ਚ 26 ਅਪ੍ਰੈਲ ਤੱਕ ਮਾਲ, ਸ਼ਾਪਿੰਗ ਕੰਪਲੈਕਸ ਅਤੇ ਰੈਸਟੋਰੈਂਟ ਬੰਦ ਕਰਨ ਸਮੇਤ ਸਖ਼ਤ ਪਾਬੰਦੀਆਂ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਸੀ, ਹਾਲਾਂਕਿ ਅਦਾਲਤ ਨੇ ਕਿਹਾ ਕਿ ਇਹ 'ਪੂਰਨ ਲਾਕਡਾਊਨ' ਨਹੀਂ ਹੈ। ਹਾਈ ਕੋਰਟ ਨੇ ਪ੍ਰਯਾਗਰਾਜ, ਲਖਨਊ, ਵਾਰਾਣਸੀ, ਕਾਨਪੁਰ, ਗੋਰਖਪੁਰ 'ਚ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਕਿਹਾ ਸੀ ਕਿ ਇਹ ਪਾਬੰਦੀ ਕਿਸੇ ਵੀ ਤਰ੍ਹਾਂ ਨਾਲ ਪੂਰਨ ਲਾਕਡਾਊਨ ਨਹੀਂ ਹੈ।
Supreme Court
ਇਸ ਤੋਂ ਪਹਿਲਾਂ, ਮੇਹਤਾ ਵਲੋਂ ਇਸ ਮਾਮਲੇ ਦਾ ਜ਼ਿਕਰ ਕੀਤੇ ਜਾਣ 'ਤੇ ਬੈਂਚ ਰਾਜ ਸਰਕਾਰ ਦੀ ਪਟੀਸ਼ਨ 'ਤੇ ਮੰਗਲਵਾਰ ਨੂੰ ਵਿਚਾਰ ਲਈ ਸਹਿਮਤ ਹੋ ਗਈ ਸੀ। ਹਾਈ ਕੋਰਟ ਨੇ ਲਾਗ਼ ਦੀ ਦੂਜੀ ਲਹਿਰ ਦਾ ਸਾਹਮਣਾ ਕਰਨ ਦੇ ਲਿਹਾਜ ਨਾਲ ਯੋਜਨਾ ਤਿਆਰ ਨਾ ਕਰਨ ਲਈ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਸੀ ਅਤੇ ਰਾਜ ਚੋਣ ਕਮਿਸ਼ਨ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਅਜਿਹੇ ਸਮੇਂ 'ਚ ਪੰਚਾਇਤ ਚੋਣਾਂ ਕਰਵਾ ਕੇ ਚੋਣ ਅਧਿਕਾਰੀਆਂ ਨੂੰ ਖ਼ਤਰੇ 'ਚ ਪਾਇਆ ਜਾ ਰਿਹਾ ਹੈ।