
ਵੀਡੀਉ ਕਲਿੱਪ ’ਚ ਵੋਟਾਂ ਬਦਲੇ ਪਾਣੀ ਦੀ ਸਮੱਸਿਆ ਹੱਲ ਕਰਨ ਦਾ ਦਿਤਾ ਭਰੋਸਾ
ਬੈਂਗਲੁਰੂ: ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੈਂਗਲੁਰੂ ਦਿਹਾਤੀ ਲੋਕ ਸਭਾ ਹਲਕੇ ਦੀ ਇਕ ਹਾਊਸਿੰਗ ਸੁਸਾਇਟੀ ਦੇ ਵਸਨੀਕਾਂ ਤੋਂ ਵੋਟਾਂ ਮੰਗਣ ਦਾ ਵੀਡੀਉ ਸੋਸ਼ਲ ਮੀਡੀਆ ਮੰਚਾਂ ’ਤੇ ਵਿਆਪਕ ਤੌਰ ’ਤੇ ਸਾਂਝੇ ਕੀਤੇ ਜਾਣ ਤੋਂ ਬਾਅਦ ਸ਼ਿਵਕੁਮਾਰ ਵਿਰੁਧ ਕਾਰਵਾਈ ਦੀ ਮੰਗ ਕਰਦਿਆਂ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ।
ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਬੈਂਗਲੁਰੂ ਦੀ ਐਫ.ਐਸ.ਟੀ. (ਫਲਾਇੰਗ ਸਕੁਐਡ ਟੀਮ) ਨੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਦੇ ਵਿਰੁਧ ਆਰ.ਆਰ. ਨਾਗਰਾ ’ਚ ਅਪਾਰਟਮੈਂਟ ਮਾਲਕਾਂ ਨੂੰ ਸੰਬੋਧਿਤ ਕਰਦੇ ਹੋਏ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਐਫ.ਆਈ.ਆਰ. ਦਰਜ ਕੀਤੀ ਹੈ।
ਆਰ.ਐਮ.ਸੀ. ਯਾਰਡ ਥਾਣੇ ’ਚ ਰਿਸ਼ਵਤਖੋਰੀ ਅਤੇ ਚੋਣਾਂ ’ਚ ਅਣਉਚਿਤ ਪ੍ਰਭਾਵ ਪਾਉਣ ਲਈ ਭਾਰਤੀ ਦੰਡਾਵਲੀ ਦੀਆਂ ਉਚਿਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਵੀਡੀਉ ਕਲਿੱਪ ’ਚ ਸ਼ਿਵਕੁਮਾਰ ਨੂੰ ਕਥਿਤ ਤੌਰ ’ਤੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ‘ਵਪਾਰਕ ਸੌਦੇ’ ਲਈ ਆਏ ਹਨ ਅਤੇ ਜੇਕਰ ਹਾਊਸਿੰਗ ਸੁਸਾਇਟੀ ਦੇ 2,510 ਘਰਾਂ ’ਚੋਂ ਕਰੀਬ 6,424 ਵੋਟਾਂ ਉਨ੍ਹਾਂ ਦੇ ਉਮੀਦਵਾਰ ਦੇ ਹੱਕ ’ਚ ਜਾਂਦੀਆਂ ਹਨ ਤਾਂ ਉਹ ਭਰੋਸਾ ਦਿੰਦੇ ਹਨ ਕਿ ਕਾਵੇਰੀ ਨਦੀ ਤੋਂ ਪਾਣੀ ਦੀ ਸਪਲਾਈ ਅਤੇ ਨਾਗਰਿਕ ਸਹੂਲਤਾਂ ਦੀ ਸਮੱਸਿਆ ਤਿੰਨ ਮਹੀਨਿਆਂ ਦੇ ਅੰਦਰ ਹੱਲ ਹੋ ਜਾਵੇਗੀ। ਸ਼ਿਵਕੁਮਾਰ ਦੇ ਭਰਾ ਡੀ.ਕੇ. ਸੁਰੇਸ਼ ਲੋਕ ਸਭਾ ਚੋਣਾਂ ’ਚ ਬੈਂਗਲੁਰੂ ਦਿਹਾਤੀ ਹਲਕੇ ਤੋਂ ਮੁੜ ਚੋਣ ਲੜ ਰਹੇ ਹਨ।