
2008 ਤੋਂ 2025 ਦੇ ਵਿਚਕਾਰ ਲਗਭਗ 100 ਜਾਇਦਾਦਾਂ (ਮਕਾਨ ਅਤੇ ਦੁਕਾਨਾਂ) ਬਣਾਈਆਂ ਅਤੇ ਮਹੀਨਾਵਾਰ ਕਿਰਾਇਆ ਇਕੱਠਾ ਕੀਤਾ
ਅਹਿਮਦਾਬਾਦ: ਅਹਿਮਦਾਬਾਦ ਦੇ ਦੋ ਟਰੱਸਟਾਂ ਦੀ ਜ਼ਮੀਨ ’ਤੇ ਬਣੇ ਢਾਂਚਿਆਂ ਦਾ ਟਰੱਸਟੀ ਬਣ ਕੇ 17 ਸਾਲ ਤਕ ਕਿਰਾਇਆ ਵਸੂਲਣ ਦੇ ਦੋਸ਼ ’ਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਹਿਰ ਦੇ ਗੈਕਵਾੜ ਹਵੇਲੀ ਥਾਣੇ ’ਚ ਦਰਜ ਐਫ.ਆਈ.ਆਰ. ਮੁਤਾਬਕ ਇਨ੍ਹਾਂ ਲੋਕਾਂ ਨੇ ਕਾਂਚਨੀ ਮਸਜਿਦ ਟਰੱਸਟ ਅਤੇ ਸ਼ਾਹ ਬੜਾ ਕਾਸਮ ਟਰੱਸਟ ਦੀ ਜ਼ਮੀਨ ’ਤੇ ਲਗਭਗ 100 ਮਕਾਨਾਂ ਅਤੇ ਦੁਕਾਨਾਂ ਦਾ ਕਿਰਾਇਆ ਇਕੱਠਾ ਕੀਤਾ।
ਡੀ.ਸੀ.ਪੀ. ਭਰਤ ਰਾਠੌੜ ਨੇ ਕਿਹਾ, ‘‘ਇਹ ਪਾਇਆ ਗਿਆ ਕਿ ਉਨ੍ਹਾਂ ਨੇ ਵਕਫ ਬੋਰਡ ਦੇ ਅਧੀਨ ਰਜਿਸਟਰਡ ਟਰੱਸਟਾਂ ਨਾਲ ਸਬੰਧਤ ਜਾਇਦਾਦਾਂ ਦੀ ਨਿੱਜੀ ਲਾਭ ਲਈ ਦੁਰਵਰਤੋਂ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਵਿਰੁਧ ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ਾਂ ਲਈ ਐਫ.ਆਈ.ਆਰ. ਦਰਜ ਕੀਤੀ ਗਈ।’’
ਵਕਫ਼ ਜਾਇਦਾਦ ਧਾਰਮਕ ਜਾਂ ਖੈਰਾਤੀ ਉਦੇਸ਼ਾਂ ਲਈ ਸਮਰਪਿਤ ਹੁੰਦੀ ਹੈ। ਅਜਿਹੀਆਂ ਜਾਇਦਾਦਾਂ ਤੋਂ ਪੈਦਾ ਹੋਣ ਵਾਲੀ ਆਮਦਨ ਆਮ ਤੌਰ ’ਤੇ ਧਾਰਮਕ ਗਤੀਵਿਧੀਆਂ, ਖੈਰਾਤੀ ਕੰਮਾਂ, ਜਾਂ ਜਨਤਕ ਲਾਭ ਲਈ ਵਰਤੀ ਜਾਂਦੀ ਹੈ।
ਮੁਲਜ਼ਮਾਂ ਨੇ ਦੋਹਾਂ ਟਰੱਸਟਾਂ ਨਾਲ ਸਬੰਧਤ 5,000 ਵਰਗ ਮੀਟਰ ’ਤੇ ਗੈਰ-ਕਾਨੂੰਨੀ ਉਸਾਰੀ ਕੀਤੀ। ਉਨ੍ਹਾਂ ਨੇ 2008 ਤੋਂ 2025 ਦੇ ਵਿਚਕਾਰ ਲਗਭਗ 100 ਜਾਇਦਾਦਾਂ (ਮਕਾਨ ਅਤੇ ਦੁਕਾਨਾਂ) ਬਣਾਈਆਂ ਅਤੇ ਮਹੀਨਾਵਾਰ ਕਿਰਾਇਆ ਇਕੱਠਾ ਕੀਤਾ।
ਇਨ੍ਹਾਂ ਪੰਜਾਂ ਦੀ ਪਛਾਣ ਸਲੀਮ ਖਾਨ ਪਠਾਨ, ਮੁਹੰਮਦ ਯਾਸਰ ਸ਼ੇਖ, ਮਹਿਮੂਦਖਾਨ ਪਠਾਨ, ਫੈਜ਼ ਮੁਹੰਮਦ ਚੋਬਦਾਰ ਅਤੇ ਸ਼ਾਹਿਦ ਅਹਿਮਦ ਸ਼ੇਖ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਸਲੀਮ ਖਾਨ ਪਠਾਨ ਹਿਸਟਰੀਸ਼ੀਟਰ ਹੈ ਅਤੇ ਉਸ ’ਤੇ ਆਰਮਜ਼ ਐਕਟ ਸਮੇਤ ਪੰਜ ਮਾਮਲੇ ਦਰਜ ਹਨ। ਸ਼ਿਕਾਇਤਕਰਤਾ ਮੁਹੰਮਦ ਰਫੀਕ ਅੰਸਾਰੀ ਨੇ ਕਿਹਾ ਕਿ ਕੋਈ ਵੀ ਦੋਸ਼ੀ ਕਿਸੇ ਵੀ ਟਰੱਸਟ ਦਾ ਮੈਂਬਰ ਨਹੀਂ ਹੈ।