ਇਰਾਨ ਉੱਪਰ ਇਜ਼ਰਾਇਲੀ-ਅਮਰੀਕੀ ਹਮਲੇ ਤੋਂ ਪੱਛਮੀ ਏਸ਼ੀਆ ਵਿਚ ਜੋ ਸਥਿਤੀ ਉਪਜੀ ਹੈ, ਉਸ ਦੇ ਪ੍ਰਭਾਵ ਬਹੁਤ ਦੂਰਗਾਮੀ ਰਹਿਣ ਦੀ ਸੰਭਾਵਨਾ ਹੈ।
ਇਰਾਨ ਉੱਪਰ ਇਜ਼ਰਾਇਲੀ-ਅਮਰੀਕੀ ਹਮਲੇ ਤੋਂ ਪੱਛਮੀ ਏਸ਼ੀਆ ਵਿਚ ਜੋ ਸਥਿਤੀ ਉਪਜੀ ਹੈ, ਉਸ ਦੇ ਪ੍ਰਭਾਵ ਬਹੁਤ ਦੂਰਗਾਮੀ ਰਹਿਣ ਦੀ ਸੰਭਾਵਨਾ ਹੈ। ਜਨੇਵਾ (ਸਵਿੱਟਜ਼ਰਲੈਂਡ) ਵਿਚ ਓਮਾਨ ਦੀ ਵਿਚੋਲਗਿਰੀ ਨਾਲ ਅਮਰੀਕਾ-ਇਰਾਨ ਵਾਰਤਾਲਾਪ ਦਾ ਦੌਰ ਸਾਰਥਿਕ ਰਹਿਣ ਤੋਂ ਅਗਲੇ ਹੀ ਦਿਨ (ਸ਼ਨਿਚਰਵਾਰ ਨੂੰ) ਇਜ਼ਰਾਈਲ ਨੇ ਇਰਾਨੀ ਰਾਜਧਾਨੀ ਤਹਿਰਾਨ ਤੇ ਕੁਝ ਹੋਰ ਇਲਾਕਿਆਂ ਉੱਤੇ ਮਿਜ਼ਾਈਲਾਂ ਦਾ ਮੀਂਹ ਵਰ੍ਹਾ ਕੇ ਜੋ ਕਹਿਰ ਢਾਹਿਆ, ਉਹ ਇਰਾਨੀ ਸਰਬ-ਉੱਚ ਨੇਤਾ ਆਇਤੁੱਲਾ ਅਲੀ ਖਮੇਨੇਈ, ਡਿਫ਼ੈਂਸ ਕਾਉਂਸਿਲ ਦੇ ਮੁਖੀ ਅਲੀ ਸ਼ਾਮਖ਼ਾਨੀ ਅਤੇ ਦਰਜਨਾਂ ਹੋਰ ਇਰਾਨੀ ਅਧਿਕਾਰੀਆਂ/ਰਾਜਨੇਤਾਵਾਂ ਲਈ ਜਾਨਲੇਵਾ ਸਾਬਤ ਹੋਇਆ।
ਇਰਾਨ ਦੇ ਜਵਾਬੀ ਮਿਜ਼ਾਈਲ ਤੇ ਡਰੋਨ ਹਮਲਿਆਂ ਨਾਲ ਇਜ਼ਰਾਈਲ ਦੇ ਪੰਜ ਸ਼ਹਿਰਾਂ ਤੋਂ ਇਲਾਵਾ ਮੱਧ-ਪੂਰਬੀ ਖਿੱਤੇ ਵਿਚ ਅਮਰੀਕਾ ਦੇ ਮਿੱਤਰ ਦੇਸ਼ਾਂ - ਕਤਰ, ਜੌਰਡਨ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਸੀਰੀਆ ਤੇ ਇਰਾਕ ਨੂੰ ਜਾਨੀ ਤੇ ਮਾਲੀ ਨੁਕਸਾਨ ਝੱਲਣਾ ਪਿਆ ਹੈ। ਸਮੁੱਚੇ ਪੱਛਮੀ ਏਸ਼ੀਆ ਦੇ ਹਵਾਈ ਮੰਡਲ ਵਿਚ ਸਿਵਲੀਅਨ ਜਹਾਜ਼ਾਂ ਦੀਆਂ ਉਡਾਣਾਂ ਉੱਤੇ ਆਰਜ਼ੀ ਰੋਕ ਨੇ ਦੁਨੀਆਂ ਭਰ ਵਿਚ ਸ਼ਹਿਰੀ ਹਵਾਬਾਜ਼ੀ ਸੇਵਾਵਾਂ ਉੱਤੇ ਮੰਦਾ ਅਸਰ ਪਾਇਆ ਹੈ। ਇਸ ਦੇ ਨਤੀਜੇ ਵਜੋਂ ਹਜ਼ਾਰਾਂ ਮੁਸਾਫ਼ਰ ਵੱਖ ਵੱਖ ਕੌਮਾਂਤਰੀ ਹਵਾਈ ਅੱਡਿਆਂ ਉੱਤੇ ਫਸੇ ਪਏ ਹਨ। ਸਭ ਤੋਂ ਵੱਧ ਆਰਥਿਕ ਅਸਰ ਕੱਚੇ ਤੇਲ ਦੇ ਕਾਰੋਬਾਰ ਉੱਤੇ ਪਿਆ ਹੈ। ਜੰਗ ਮੁੱਕਣ ਦੀਆਂ ਸੰਭਾਵਨਾਵਾਂ ਅਜੇ ਮੱਧਮ ਹੋਣ ਕਾਰਨ ਖਾੜੀ ਓਮਾਨ ਤੇ ਖਾੜੀ ਫਾਰਸ ਵਿਚ ਜਹਾਜ਼ਰਾਨੀ ਠੱਪ ਹੈ ਜਿਸ ਕਾਰਨ ਦੁਨੀਆਂ ਦੇ ਬਾਕੀ ਹਿੱਸਿਆਂ ਵਲ ਕੱਚੇ ਪੈਟਰੋਲੀਅਮ ਦੀ ਸਪਲਾਈ 40 ਫ਼ੀ ਸਦੀ ਤਕ ਘੱਟ ਗਈ ਹੈ।
ਦਰਹਕੀਕਤ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਲੰਬੇ-ਚੌੜੇ ਦਾਅਵਿਆਂ ਦੇ ਬਾਵਜੂਦ ਇਕ ਅਮਰੀਕੀ ਏਅਰਕ੍ਰਾਫ਼ਟ ਕੈਰੀਅਰ ਬੇੜੇ ਨੂੰ ਇਰਾਨੀ ਮਿਜ਼ਾਈਲ ਕਾਰਨ ਨੁਕਸਾਨ ਪੁੱਜਣ ਅਤੇ ਤਿੰਨ ਜਲ ਸੈਨਿਕਾਂ ਦੀ ਮੌਤ ਸਮੇਤ 9 ਹੋਰਨਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਨੇ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਅਮਰੀਕਾ ਅੰਦਰ ਵੀ ਰੋਹ ਪੈਦਾ ਕੀਤਾ ਹੈ। ਇਸ ਸਾਰੇ ਘਟਨਾਕ੍ਰਮ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੱਛਮੀ ਏਸ਼ੀਆ ਅੰਦਰਲੀ ਮੌਜੂਦਾ ਵਿਸਫ਼ੋਟਕ ਸਥਿਤੀ ਦੁਨੀਆਂ ਭਰ ਵਿਚ ਅਸਥਿਰਤਾ ਤੇ ਬੇਚੈਨੀ ਪੈਦਾ ਕਰ ਰਹੀ ਹੈ। ਭਾਰਤ ਉਪਰ ਵੀ ਇਸ ਦਾ ਸਿੱਧਾ ਅਸਰ ਪਿਆ ਹੈ ਕਿਉਂਕਿ ਪੱਛਮੀ ਏਸ਼ੀਆ ਵਿਚ ਇਕ ਕਰੋੜ ਦੇ ਕਰੀਬ ਭਾਰਤੀ ਵਸੇ ਹੋਏ ਹਨ ਅਤੇ ਇਹ ਖਿੱਤਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਵੀ ਹੈ। ਇਸੇ ਕਾਰਨ ਭਾਰਤੀ ਵਿੱਤੀ ਬਾਜ਼ਾਰ ਉੱਤੇ ਫ਼ਿਕਰਮੰਦੀ ਹਾਵੀ ਹੈ।
ਇਰਾਨ ਉੱਪਰ ਅਮਰੀਕੀ-ਇਜ਼ਰਾਇਲੀ ਹਮਲੇ ਦੇ ਖ਼ਿਲਾਫ਼ ਦੁਨੀਆਂ ਦੇ ਬਹੁਗਿਣਤੀ ਮੁਲਕਾਂ ਦੇ ਲੋਕਾਂ ਵਿਚ ਗੁੱਸਾ ਹੈ। ਇਹ ਗੁੱਸਾ ਧਰਨਿਆਂ-ਮੁਜ਼ਾਹਰਿਆਂ ਤੋਂ ਇਲਾਵਾ ਹਿੰਸਕ ਘਟਨਾਵਾਂ ਦੇ ਰੂਪ ਵਿਚ ਵੀ ਸਾਹਮਣੇ ਆ ਰਿਹਾ ਹੈ। ਇਸ ਦੇ ਬਾਵਜੂਦ ਬਹੁਤੀਆਂ ਸਰਕਾਰਾਂ ਨੇ ਅਮਰੀਕੀ ਆਪਹੁਦਰੇਪਣ ਦੀ ਸਿੱਧੀ ਨਿੰਦਾ ਕਰਨ ਦੀ ਥਾਂ ਲਫ਼ਜ਼ੀ ਇਹਤਿਆਤ ਵਾਲਾ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਚੀਨ ਵਰਗਾ ਤਾਕਤਵਰ ਮੁਲਕ ਵੀ ਅਮਰੀਕਾ ਨੂੰ ਸਿੱਧੇ ਤੌਰ ’ਤੇ ਭੰਡਣ ਦੀ ਥਾਂ ਅਮਨ ਨੂੰ ਤਰਜੀਹ ਦਿਤੇ ਜਾਣ ਦੀਆਂ ਗੱਲਾਂ ਕਰ ਰਿਹਾ ਹੈ; ਉਹ ਵੀ ਇਹ ਭੁਲਾ ਕੇ ਕਿ ਇਰਾਨ ਨੇ ਤਾਂ ਜਨੇਵਾ ਵਾਰਤਾ ਵਿਚ ਸੁਲ੍ਹਾਵਾਦੀ ਰੁਖ਼ ਅਪਣਾਇਆ ਸੀ, ਪਰ ਅਜਿਹੇ ਸੁਲ੍ਹਾਵਾਦ ਦੇ ਆਧਾਰ ’ਤੇ ਇਰਾਨ ਨਾਲ ਐਟਮੀ ਸੰਧੀ ਸਿਰ੍ਹੇ ਚਾੜਨ ਦੀ ਥਾਂ ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ (ਬੇਨਿਆਮਿਨ) ਨੇਤਨਯਾਹੂ ਨੂੰ ਇਰਾਨ ਉੱਤੇ ਮਿਜ਼ਾਈਲ ਵਰ੍ਹਾਉਣ ਲਈ ਹਰੀ ਝੰਡੀ ਦਿਖਾ ਦਿਤੀ।
ਤਹਿਰਾਨ ਵਾਲਾ ਹਮਲਾ ਉਸ ਸਰਕਾਰੀ ਇਮਾਰਤ ਉੱਤੇ ਕੀਤਾ ਗਿਆ ਜਿਸ ਅੰਦਰ ਆਇਤੁਲਾ ਖਮੇਨੇਈ ਤੇ ਸੁਪਰੀਮ ਡਿਫ਼ੈਂਸ ਕਾਉਂਸਿਲ ਦੇ 40 ਤੋਂ ਵੱਧ ਮੈਂਬਰ ਤੇ ਅਹਿਲਕਾਰ ਹਾਜ਼ਰ ਸਨ। ਮੀਡੀਆ ਰਿਪੋਰਟਾਂ ਅਨੁਸਾਰ ਇਸ ਹਮਲੇ ਲਈ ਸਪਸ਼ਟ ਖ਼ੁਫ਼ੀਆ ਜਾਣਕਾਰੀ ਅਮਰੀਕੀ ਏਜੰਸੀ ਸੀ.ਆਈ.ਏ. ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਨੂੰ ਮੁਹੱਈਆ ਕਰਵਾਈ ਅਤੇ ਨੇਤਨਯਾਹੂ ਨੇ ਇਸ ਨੂੰ ਤੁਰੰਤ ਅਮਲੀ ਰੂਪ ਦੇ ਦਿਤਾ। ਰਾਸ਼ਟਰਪਤੀ ਟਰੰਪ ਦਾ ਦਾਅਵਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਇਰਾਨ, ਅਮਰੀਕੀ ਅਸਾਸਿਆਂ ਉੱਪਰ ਫ਼ੌਰੀ ਹਮਲਾ ਕਰਨ ਵਾਲਾ ਹੈ। ਇਸ ਦਾਅਵੇ ਦਾ ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਦੇ ਦੋ ਅਧਿਕਾਰੀਆਂ ਨੇ ਅਮਰੀਕੀ ਕਾਂਗਰਸ (ਪਾਰਲੀਮੈਂਟ) ਅੱਗੇ ਪੇਸ਼ੀ ਦੌਰਾਨ ਸਿੱਧੇ ਤੌਰ ’ਤੇ ਖੰਡਨ ਕੀਤਾ ਹੈ। ਜ਼ਾਹਿਰ ਹੈ ਕਿ ਟਰੰਪ ਦਾ ਇਰਾਨ ਨਾਲ ਸੁਲ੍ਹਾ ਕਰਨ ਦਾ ਇਰਾਦਾ ਨਹੀਂ ਸੀ। ਇਸੇ ਲਈ ਉਸ ਨੇ ਪੇਸ਼ਗੀ ਵਾਰ ਕਰਨ ਵਾਸਤੇ ਨੇਤਨਯਾਹੂ ਦਾ ਸਹਾਰਾ ਲਿਆ।
ਦੁਨੀਆਂ ਦਾ ਹਰ ਦੇਸ਼ ਜਾਣਦਾ ਹੈ ਕਿ ਇਜ਼ਰਾਈਲ ਤੇ ਅਮਰੀਕਾ ਨੇ ਕੌਮਾਂਤਰੀ ਕਾਨੂੰਨਾਂ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਹੈ। ਇਹ ਦੋਵੇਂ ਦੇਸ਼ ਇਖ਼ਲਾਕ ਦੀ ਪਾਬੰਦਗੀ ਜਾਂ ਕੌਮਾਂਤਰੀ ਕਾਨੂੰਨਾਂ ਨੂੰ ਮਾਨਤਾ ਵਰਗੇ ਬੰਧਨਾਂ ਦੀ ਸਿੱਧੀ ਬੇਕਦਰੀ ਲਈ ਬਦਨਾਮ ਰਹੇ ਹਨ। ਇਸ ਦੇ ਬਾਵਜੂਦ ਹਕੂਮਤਾਂ, ਅਸਲਵਾਦ ਦੀ ਆੜ ਹੇਠ ਅਮਰੀਕਾ ਖ਼ਿਲਾਫ਼ ਜਥੇਬੰਦ ਹੋਣ ਤੋਂ ਝਿਜਕ ਰਹੀਆਂ ਹਨ। ਟਰੰਪ ਦਾ ਤਾਂ ਹੈਂਕੜ-ਭਰਿਆ ਦਾਅਵਾ ਹੈ ਕਿ ਉਸ ਲਈ ਅਮਰੀਕੀ ਹਿੱਤ ਸਰਬ-ਪ੍ਰਮੁਖ ਹਨ, ਕੌਮਾਂਤਰੀ ਕਾਨੂੰਨ ਨਹੀਂ। ਉਹ ਕੱਚੇ ਪੈਟਰੋਲੀਅਮ ਦੇ ਸਾਰੇ ਆਲਮੀ ਸੋਮਿਆਂ ਨੂੰ ਅਪਣੀ ਮੁੱਠੀ ਵਿਚ ਕਰਨ ਵਰਗੇ ਯੋਜਨਾ ਉੱਤੇ ਨੰਗੇ-ਚਿੱਟੇ ਰੂਪ ਵਿਚ ਅਮਲ ਕਰਦਾ ਆ ਰਿਹਾ ਹੈ।
ਦੂਜੇ ਪਾਸੇ, ਨੇਤਨਯਾਹੂ ਅਮਰੀਕਾ ਤੋਂ ਮੁਫ਼ਤ ਮਿਲੇ ਹਥਿਆਰਾਂ ਨੂੰ ਇਜ਼ਰਾਇਲੀ ਧੌਂਸਵਾਦ ਦਾ ਦਾਇਰਾ ਵਧਾਉਣ ਅਤੇ ਨਾਲ ਹੀ ਅਪਣੀ ਹੁਕਮਰਾਨੀ ਦੀ ਉਮਰ ਲੰਬੀ ਬਣਾਉਣ ਵਾਸਤੇ ਵਰਤਦਾ ਆ ਰਿਹਾ ਹੈ। ਅਮਰੀਕੀ ਦੋਗ਼ਲਾਪਣ ਇਸ ਤੱਥ ਤੋਂ ਜ਼ਾਹਿਰ ਹੁੰਦਾ ਹੈ ਕਿ ਡੋਨਲਡ ਟਰੰਪ ਇਕ ਪਾਸੇ ਤਾਂ ਆਇਤੁੱਲਾ ਖ਼ਮੇਨੇਈ ਵਲੋਂ ਢਾਹੇ ਅਤਿਆਚਾਰਾਂ ਤੇ ਜਬਰ ਤੋਂ ਇਰਾਨ ਜਨਤਾ ਨੂੰ ਮੁਕਤੀ ਦਿਵਾਉਣ ਦੇ ਦਾਅਵੇ ਕਰਦਾ ਨਹੀਂ ਥੱਕਦਾ, ਪਰ ਦੂਜੇ ਪਾਸੇ ਮਿਜ਼ਾਇਲੀ ਹਮਲਿਆਂ ਵਿਚ 210 ਤੋਂ ਵੱਧ ਸਕੂਲੀ ਬੱਚੀਆਂ ਦੀਆਂ ਮੌਤਾਂ ਸਮੇਤ 900 ਤੋਂ ਵੱਧ ਇਰਾਨੀ ਸਿਵਲੀਅਨਾਂ ਦੇ ਮਰਨ ਨੂੰ ‘ਸਾਧਾਰਨ ਨੁਕਸਾਨ’ ਦੱਸ ਰਿਹਾ ਹੈ। ਇਰਾਨ ਦਾ ਭਵਿੱਖ ਕੀ ਹੋਵੇਗਾ, ਇਸ ਬਾਰੇ ਕੋਈ ਪੇਸ਼ੀਨਗੋਈ ਨਹੀਂ ਕੀਤੀ ਜਾ ਸਕਦੀ। ਹਾਂ, ਵਿਸ਼ਵ ਸ਼ਾਂਤੀ ਜ਼ਰੂਰ ਤਾਰ-ਤਾਰ ਹੋ ਗਈ ਹੈ। ਇਸ ਦੇ ਪੁਨਰ-ਪੁੰਗਰਨ ਦੀਆਂ ਸੰਭਾਵਨਾਵਾਂ ਵੀ, ਫ਼ਿਲਹਾਲ, ਬਿਲਕੁਲ ਮੱਧਮ ਹਨ।
