
Seelampur Murder Case : ਲੇਡੀ ਡਾਨ ਨੇ ਬਣਾਈ ਸੀ ਕਤਲ ਦੀ ਯੋਜਨਾ, ਮੁਲਜ਼ਮ ਸਾਹਿਲ ਤੇ ਦਿਲਸ਼ਾਦ ਵੀ ਹਿਰਾਸਤ ’ਚ
Police action in Seelampur murder case, 7 arrested including main accused Latest news in Punjabi : ਨਵੀਂ ਦਿੱਲੀ : ਪੂਰਬੀ ਦਿੱਲੀ ਦੇ ਸੀਲਮਪੁਰ ਵਿਚ ਬੇਰਹਿਮੀ ਨਾਲ ਹੋਏ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦਿੱਲੀ ਪੁਲਿਸ ਨੇ ਮੁੱਖ ਮੁਲਜ਼ਮ ਜ਼ਿਕਰਾ ਉਰਫ਼ 'ਲੇਡੀ ਡਾਨ' ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਵਿਚ ਸਾਹਿਲ ਅਤੇ ਦਿਲਸ਼ਾਦ ਵੀ ਸ਼ਾਮਲ ਹਨ। ਜਿਨ੍ਹਾਂ 'ਤੇ 17 ਸਾਲਾ ਕੁਨਾਲ ਨੂੰ ਚਾਕੂ ਨਾਲ ਮਾਰਨ ਦਾ ਦੋਸ਼ ਹੈ। ਇਨ੍ਹਾਂ ਤੋਂ ਇਲਾਵਾ, ਪੁਲਿਸ ਨੇ ਜਾਂਚ ਦੌਰਾਨ ਕੁੱਝ ਸ਼ੱਕੀ ਨਾਬਾਲਗ਼ਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ।
ਸੀਲਮਪੁਰ ਥਾਣਾ ਖੇਤਰ ਵਿਚ ਚਾਕੂ ਨਾਲ ਵਾਰ ਕਰ ਕੇ ਨਾਬਾਲਗ਼ ਕੁਨਾਲ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਲੇਡੀ ਡਾਨ ਦੇ ਨਾਮ ਨਾਲ ਮਸ਼ਹੂਰ ਜ਼ਿਕਰਾ ਨੂੰ ਦੋ ਦਿਨਾਂ ਦੇ ਰਿਮਾਂਡ 'ਤੇ ਲੈ ਲਿਆ ਹੈ। ਜਾਂਚ ਦੌਰਾਨ, ਪੁਲਿਸ ਨੂੰ ਪਤਾ ਲੱਗਾ ਕਿ ਜ਼ਿਕਰਾ ਨੇ ਅਪਣੇ ਭਰਾ ਸਾਹਿਲ ਅਤੇ ਉਸ ਦੇ ਦੋਸਤਾਂ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੁਨਾਲ ਦੇ ਦੋ ਦੋਸਤਾਂ ਲਾਲਾ ਅਤੇ ਸ਼ੰਭੂ ਨੇ ਸਾਹਿਲ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਬਦਲਾ ਲੈਣ ਲਈ, ਸਾਹਿਲ ਕੁਨਾਲ ਨੂੰ ਮਾਰ ਦਿੰਦਾ ਹੈ।
ਤੁਹਾਨੂੰ ਦਸ ਦਈਏ ਕਿ ਵੀਰਵਾਰ ਨੂੰ ਕੁਨਾਲ ਨੂੰ ਉਸ ਦੇ ਘਰ ਤੋਂ ਥੋੜ੍ਹੀ ਦੂਰੀ 'ਤੇ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ। ਇਸ ਮਾਮਲੇ ਵਿਚ, ਜ਼ਿਕਰਾ ਨੂੰ ਰਿਮਾਂਡ 'ਤੇ ਲੈ ਕੇ, ਪੁਲਿਸ ਉਸ ਦੇ ਸਾਥੀਆਂ ਅਤੇ ਇਸ ਵਾਰਦਾਤ ਵਿਚ ਵਰਤੇ ਗਏ ਚਾਕੂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਫੜਨ ਲਈ ਦਸ ਟੀਮਾਂ ਬਣਾਈਆਂ ਗਈਆਂ ਹਨ। ਸੁਰੱਖਿਆ ਕਰਮਚਾਰੀ ਨਜ਼ਰ ਰੱਖ ਰਹੇ ਹਨ। ਸੀਲਮਪੁਰ ਵਿਚ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਜੀਟੀ ਰੋਡ 'ਤੇ ਨੀਮ ਫ਼ੌਜੀ ਬਲਾਂ ਦੀ ਸਿਰਫ਼ ਇਕ ਟੁਕੜੀ ਨਜ਼ਰ ਰੱਖ ਰਹੀ ਹੈ। ਗਲੀਆਂ ਵਿਚ ਚੋਣਵੇਂ ਪੁਲਿਸ ਕਰਮਚਾਰੀ ਵੀ ਦੇਖੇ ਗਏ।