
ਜੰਮੂ-ਕਸ਼ਮੀਰ ਦੇ ਬਾਰਾਮੂਲਾ ’ਚ ਚਾਰ ਦਹਾਕਿਆਂ ਦੀ ਸੱਭ ਤੋਂ ਵੱਧ ਵੋਟਿੰਗ ਦਰਜ
ਨਵੀਂ ਦਿੱਲੀ: ਪਛਮੀ ਬੰਗਾਲ ’ਚ ਹਿੰਸਾ ਦੀਆਂ ਕੁੱਝ ਘਟਨਾਵਾਂ ਦੇ ਵਿਚਕਾਰ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ’ਚ ਸੋਮਵਾਰ ਨੂੰ 6 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ’ਤੇ 57 ਫ਼ੀ ਸਦੀ ਤੋਂ ਵੱਧ ਵੋਟਿੰਗ ਹੋਈ। ਮਹਾਰਾਸ਼ਟਰ ’ਚ ਸੱਭ ਤੋਂ ਘੱਟ 48.88 ਫੀ ਸਦੀ ਵੋਟਿੰਗ ਹੋਈ, ਜਦਕਿ ਪਛਮੀ ਬੰਗਾਲ ’ਚ ਸੱਭ ਤੋਂ ਵੱਧ 73 ਫੀ ਸਦੀ ਵੋਟਿੰਗ ਹੋਈ। ਬਿਹਾਰ ’ਚ 52.55 ਫੀ ਸਦੀ, ਜੰਮੂ-ਕਸ਼ਮੀਰ ’ਚ 54.21 ਫੀ ਸਦੀ, ਝਾਰਖੰਡ ’ਚ 63 ਫੀ ਸਦੀ, ਓਡੀਸ਼ਾ ’ਚ 60.72 ਫੀ ਸਦੀ, ਉੱਤਰ ਪ੍ਰਦੇਸ਼ ’ਚ 57.43 ਫੀ ਸਦੀ ਅਤੇ ਲੱਦਾਖ ’ਚ 67.15 ਫੀ ਸਦੀ ਵੋਟਿੰਗ ਹੋਈ।
ਚੋਣ ਕਮਿਸ਼ਨ ਵਲੋਂ ਸ਼ਾਮ 7 ਵਜੇ ਤਕ ਉਪਲਬਧ ਕਰਵਾਏ ਗਏ ਅੰਕੜਿਆਂ ਅਨੁਸਾਰ ਲਗਭਗ 57.38 ਫੀ ਸਦੀ ਵੋਟਿੰਗ ਹੋਈ। ਹਾਲਾਂਕਿ ਵੋਟਿੰਗ ਦਾ ਸਮਾਂ ਸ਼ਾਮ 6 ਵਜੇ ਤਕ ਸੀ, ਪਰ ਉਸ ਸਮੇਂ ਤਕ ਪਹਿਲਾਂ ਤੋਂ ਹੀ ਕਤਾਰ ’ਚ ਖੜ੍ਹੇ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਹੈ। ਜੰਮੂ-ਕਸ਼ਮੀਰ ਦੇ ਬਾਰਾਮੂਲਾ ਲੋਕ ਸਭਾ ਹਲਕੇ ’ਚ 54 ਫੀ ਸਦੀ ਤੋਂ ਵੱਧ ਵੋਟਿੰਗ ਹੋਈ, ਜੋ ਲਗਭਗ ਚਾਰ ਦਹਾਕਿਆਂ ’ਚ ਸੱਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਹੈ। ਇਸ ਵਾਰ ਕੁਲ 54.21 ਫ਼ੀ ਸਦੀ ਵੋਟਿੰਗ ਫ਼ੀ ਸਦੀ 1984 ’ਚ ਇਸ ਹਲਕੇ ’ਚ ਹੋਈ 58.84 ਫ਼ੀ ਸਦੀ ਵੋਟਿੰਗ ਤੋਂ ਬਾਅਦ ਦੂਜੇ ਨੰਬਰ ’ਤੇ ਹੈ।
ਇਸ ਗੇੜ ’ਚ 4.26 ਕਰੋੜ ਔਰਤਾਂ ਅਤੇ 5,409 ਤੀਜੇ ਲਿੰਗ ਦੇ ਵੋਟਰਾਂ ਸਮੇਤ 8.95 ਕਰੋੜ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹਨ ਅਤੇ 94,732 ਪੋਲਿੰਗ ਸਟੇਸ਼ਨਾਂ ’ਤੇ 9.47 ਲੱਖ ਪੋਲਿੰਗ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਹੁਣ ਤਕ 23 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ 379 ਸੀਟਾਂ ਲਈ ਵੋਟਿੰਗ ਪੂਰੀ ਹੋ ਚੁਕੀ ਹੈ।
ਪਛਮੀ ਬੰਗਾਲ ’ਚ ਕਈ ਥਾਈਂ ਹਿੰਸਾ
ਪਛਮੀ ਬੰਗਾਲ ਦੇ ਸੱਤ ਸੰਸਦੀ ਹਲਕਿਆਂ ’ਚ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਹੋਈਆਂ, ਜਿੱਥੇ ਬੈਰਕਪੁਰ, ਬੋਂਗਾਓਂ ਅਤੇ ਅਰਾਮਬਾਗ ਸੀਟਾਂ ਦੇ ਵੱਖ-ਵੱਖ ਹਿੱਸਿਆਂ ’ਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋਈ। ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਈ.ਵੀ.ਐਮ. ’ਚ ਗੜਬੜੀ ਅਤੇ ਏਜੰਟਾਂ ਨੂੰ ਬੂਥਾਂ ’ਚ ਦਾਖਲ ਹੋਣ ਤੋਂ ਰੋਕਣ ਦੀਆਂ 1,036 ਸ਼ਿਕਾਇਤਾਂ ਮਿਲੀਆਂ ਹਨ। ਅਰਾਮਬਾਗ ਹਲਕੇ ਦੇ ਖਾਨਾਕੁਲ ਇਲਾਕੇ ਵਿਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਸਮਰਥਕਾਂ ਵਿਚਾਲੇ ਝੜਪਾਂ ਹੋਈਆਂ। ਗੁਆਂਢੀ ਹੁਗਲੀ ਹਲਕੇ ’ਚ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਅਤੇ ਪਾਰਟੀ ਉਮੀਦਵਾਰ ਲੌਕੇਟ ਚੈਟਰਜੀ ਨੂੰ ਤ੍ਰਿਣਮੂਲ ਕਾਂਗਰਸ ਵਿਧਾਇਕ ਆਸ਼ਿਮਾ ਪਾਤਰਾ ਦੀ ਅਗਵਾਈ ’ਚ ਤ੍ਰਿਣਮੂਲ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਦੋਂ ਚੈਟਰਜੀ ਇਕ ਬੂਥ ਵਲ ਜਾ ਰਹੀ ਸੀ ਤਾਂ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ‘ਚੋਰ ਚੋਰ’ ਦੇ ਨਾਅਰੇ ਲਗਾਏ, ਜਿਸ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਅਪਣੀ ਕਾਰ ਤੋਂ ਉਤਰੀ ਅਤੇ ਉਨ੍ਹਾਂ ਵਿਰੁਧ ਨਾਅਰੇਬਾਜ਼ੀ ਕੀਤੀ। ਪੁਲਿਸ ਅਤੇ ਕੇਂਦਰੀ ਬਲਾਂ ਦੀ ਇਕ ਵੱਡੀ ਟੁਕੜੀ ਮੌਕੇ ’ਤੇ ਪਹੁੰਚੀ ਅਤੇ ਦੋਹਾਂ ਸਮੂਹਾਂ ਨੂੰ ਰੋਕ ਦਿਤਾ। ਹਾਵੜਾ ਹਲਕੇ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਹਿੰਸਾ ਦੀਆਂ ਖ਼ਬਰਾਂ ਮਿਲੀਆਂ ਹਨ। ਹਾਵੜਾ ਦੇ ਲਿਲੁਆ ਇਲਾਕੇ ’ਚ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ’ਤੇ ਬੂਥ ਜਾਮ ਕਰਨ ਦਾ ਦੋਸ਼ ਲਾਇਆ, ਜਿਸ ਕਾਰਨ ਦੋਹਾਂ ਸਮੂਹਾਂ ਵਿਚਾਲੇ ਝੜਪਾਂ ਹੋਈਆਂ। ਕੇਂਦਰੀ ਪੁਲਿਸ ਬਲਾਂ ਨੇ ਇਲਾਕੇ ’ਚ ਪਹੁੰਚ ਕੇ ਉਨ੍ਹਾਂ ਨੂੰ ਖਿੰਡਾਇਆ। ਬੋਂਗਾਓਂ ਹਲਕੇ ਦੇ ਗਯੇਸ਼ਪੁਰ ਇਲਾਕੇ ’ਚ ਸਥਾਨਕ ਭਾਜਪਾ ਨੇਤਾ ਸੁਬੀਰ ਬਿਸਵਾਸ ਨੂੰ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਬੂਥ ਦੇ ਬਾਹਰ ਕਥਿਤ ਤੌਰ ’ਤੇ ਕੁੱਟਿਆ। ਬਾਅਦ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸੇ ਹਲਕੇ ਦੇ ਕਲਿਆਣੀ ਇਲਾਕੇ ’ਚ ਕੇਂਦਰੀ ਮੰਤਰੀ ਅਤੇ ਭਾਜਪਾ ਉਮੀਦਵਾਰ ਸ਼ਾਂਤਨੂ ਠਾਕੁਰ ਨੇ ਇਕ ਪੋਲਿੰਗ ਬੂਥ ਦੇ ਅੰਦਰ ਅਪਣੇ ਵਿਰੋਧੀ ਤ੍ਰਿਣਮੂਲ ਕਾਂਗਰਸ ਉਮੀਦਵਾਰ ਬਿਸਵਜੀਤ ਦਾਸ ਦੇ ਪਛਾਣ ਪੱਤਰ ਦੀ ਵਰਤੋਂ ਕਰਦੇ ਹੋਏ ਇਕ ਵਿਅਕਤੀ ਨੂੰ ਫੜਿਆ। ਬਾਅਦ ਵਿਚ ਕੇਂਦਰੀ ਬਲਾਂ ਨੇ ਉਸ ਵਿਅਕਤੀ ਨੂੰ ਬੂਥ ਤੋਂ ਹਟਾ ਦਿਤਾ। ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਹੁਗਲੀ ਦੇ ਕੁੱਝ ਬੂਥਾਂ ’ਤੇ ਵੋਟਰਾਂ ਨੂੰ ਕਥਿਤ ਤੌਰ ’ਤੇ ਧਮਕਾਉਣ ਲਈ ਕੇਂਦਰੀ ਬਲਾਂ ’ਤੇ ਭਾਜਪਾ ਵਰਕਰਾਂ ਦੀ ਮਦਦ ਕਰਨ ਦੇ ਦੋਸ਼ਾਂ ਤੋਂ ਬਾਅਦ ਕੁੱਝ ਇਲਾਕਿਆਂ ’ਚ ਵਿਰੋਧ ਪ੍ਰਦਰਸ਼ਨ ਵੀ ਕੀਤੇ।
ਉੱਤਰ ਪ੍ਰਦੇਸ਼ ’ਚ ਗੜਬੜੀਆਂ ਦੇ ਦੋਸ਼
ਦੂਜੇ ਪਾਸੇ ਉੱਤਰ ਪ੍ਰਦੇਸ਼ ’ਚ ਕਾਂਗਰਸ ਨੇ ਈ.ਵੀ.ਐਮ. ’ਚ ਗੜਬੜੀ ਦਾ ਦਾਅਵਾ ਕੀਤਾ ਅਤੇ ਭਾਜਪਾ ’ਤੇ ਰਾਹੀ ਬਲਾਕ ਦੇ ਬੇਲਾ ਖਾਰਾ ਪਿੰਡ ’ਚ ਤਿੰਨ ਬੂਥਾਂ ’ਤੇ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਨਾ ਦੇਣ ਦਾ ਦੋਸ਼ ਲਾਇਆ। ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਰਾਏਬਰੇਲੀ ਦੇ ਸਰੇਨੀ ’ਚ ਰਸੂਲਪੁਰ ਦਾ ਬੂਥ ਨੰਬਰ 5 ਸਵੇਰੇ 8 ਵਜੇ ਤੋਂ ਬੰਦ ਹੈ ਅਤੇ ਵੋਟਰ ਵਾਪਸ ਜਾ ਰਹੇ ਹਨ। ਇਸ ਤਰ੍ਹਾਂ 400 ਸੀਟਾਂ ਦਾ ਟੀਚਾ ਪਾਰ ਕੀਤਾ ਜਾਵੇਗਾ।’’ ਗੋਂਡਾ ਹਲਕੇ ਤੋਂ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਸ਼੍ਰੇਆ ਵਰਮਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਮਨਕਾਪੁਰ ਖੇਤਰ ਦੇ ਬੂਥ ਨੰਬਰ 180 ਅਤੇ 181 ’ਤੇ ਨਿਰਪੱਖ ਵੋਟਿੰਗ ਨਹੀਂ ਹੋ ਰਹੀ ਹੈ। ਕੌਸ਼ੰਬੀ ਤੋਂ ਮਿਲੀਆਂ ਰੀਪੋਰਟਾਂ ਅਨੁਸਾਰ ਹਿਸਾਮਪੁਰ ਮਾਧੋ ਪਿੰਡ ਦੇ ਵੋਟਰਾਂ ਨੇ ਚੋਣਾਂ ਦਾ ਬਾਈਕਾਟ ਕੀਤਾ। ਪਿੰਡ ਵਾਸੀਆਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਦੋਂ ਹੀ ਵੋਟ ਪਾਉਣ ’ਤੇ ਵਿਚਾਰ ਕਰਨਗੇ ਜਦੋਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਪਿੰਡ ਨੂੰ ਹੋਰ ਖੇਤਰਾਂ ਨਾਲ ਜੋੜਨ ਵਾਲੀ ਸੜਕ ਅਤੇ ਰੇਲਵੇ ਪੁਲ ਬਣਾਇਆ ਜਾਵੇਗਾ।
ਮਹਾਰਾਸ਼ਟਰ ’ਚ ਵੋਟਰਾਂ ਨੂੰ ਸਹੂਲਤਾਂ ਨਾ ਮਿਲਣ ਦੀਆਂ ਸ਼ਿਕਾਇਤਾਂ
ਮਹਾਰਾਸ਼ਟਰ ’ਚ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਨੇ ਦਾਅਵਾ ਕੀਤਾ ਕਿ ਵੋਟਰਾਂ ਨੇ ਪੋਲਿੰਗ ਬੂਥਾਂ ਦੇ ਬਾਹਰ ਸਹੂਲਤਾਂ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਕੀਤੀਆਂ ਸਨ। ਠਾਕਰੇ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ, ‘‘ਬੂਥਾਂ ਦੇ ਬਾਹਰ ਸਹੂਲਤਾਂ ਬਾਰੇ ਵੋਟਰਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਹਨ। ਘੱਟੋ ਘੱਟ ਵੋਟਰ ਲਾਈਨਾਂ ਨੂੰ ਛਾਂ/ਪੱਖਿਆਂ ’ਚ ਰੱਖਣ ਨਾਲ ਮਦਦ ਮਿਲ ਸਕਦੀ ਹੈ। ਉਹ ਬਹੁਤ ਕੁੱਝ ਨਹੀਂ ਚਾਹੁੰਦੇ, ਸਿਰਫ ਠੰਡੇ ਰਹਿਣ ਲਈ ਬੁਨਿਆਦੀ ਚੀਜ਼ਾਂ ਚਾਹੁੰਦੇ ਹਨ। ਕਿਰਪਾ ਕਰ ਕੇ ਇਸ ’ਤੇ ਗੌਰ ਕਰੋ।’’ ਜਦਕਿ ਭਾਜਪਾ ਆਗੂ ਕਿਰੀਟ ਸੋਮਈਆ ਨੇ ਦੋਸ਼ ਲਾਇਆ ਕਿ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਅਤੇ ਸੁਨੀਲ ਰਾਊਤ ਮੁੰਬਈ ਦੇ ਭਾਂਡੁਪ ’ਚ ਉਨ੍ਹਾਂ ਦੇ ਪੋਲਿੰਗ ਬੂਥ ਦੇ ਬਾਹਰ ਭ੍ਰਿਸ਼ਟਾਚਾਰ ’ਚ ਸ਼ਾਮਲ ਪਾਏ ਗਏ। ਸਾਬਕਾ ਸੰਸਦ ਮੈਂਬਰ ਨੇ ਇਹ ਵੀ ਦਾਅਵਾ ਕੀਤਾ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ.ਬੀ.ਟੀ.) ਦੇ ਦੋ ਕਾਰਕੁੰਨਾਂ ਨੂੰ ਜਾਅਲੀ ਈ.ਵੀ.ਐਮ. ਦੀ ਵਰਤੋਂ ਕਰਨ ਦੇ ਗੈਰਕਾਨੂੰਨੀ ਅਤੇ ਭ੍ਰਿਸ਼ਟ ਕੰਮਾਂ ਲਈ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਰਾਜ ਸਭਾ ਮੈਂਬਰ ਸੰਜੇ ਰਾਊਤ ਦੇ ਭਰਾ ਵਿਧਾਇਕ ਸੁਨੀਲ ਰਾਉਤ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਵਿਦਿਅਕ ਉਦੇਸ਼ਾਂ ਲਈ ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ਦੇ ਬਾਹਰ ਇਕ ਡਮੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਰੱਖੀ ਗਈ ਸੀ। ਫਿਰ ਵੀ ਪੁਲਿਸ ਨੇ ਸਿਆਸੀ ਦਬਾਅ ਹੇਠ ਇਸ ਨੂੰ ਹਟਾ ਦਿਤਾ।
ਓਡੀਸ਼ਾ ’ਚ ‘ਸਿਆਸੀ ਕਤਲ’
ਓਡੀਸ਼ਾ ਦੇ ਬਾਰਗੜ੍ਹ ਜ਼ਿਲ੍ਹੇ ਦੇ ਸਰਸਾਰਾ ਨੇੜੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ’ਤੇ ਇਕ ਆਟੋ-ਰਿਕਸ਼ਾ ਚਾਲਕ ਦਾ ਕਤਲ ਕਰ ਦਿਤਾ। ਮ੍ਰਿਤਕ ਕੁੱਝ ਵੋਟਰਾਂ ਨੂੰ ਪੋਲਿੰਗ ਬੂਥ ’ਤੇ ਲੈ ਕੇ ਜਾ ਰਿਹਾ ਸੀ। ਪਰਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਇਹ ਇਕ ਸਿਆਸੀ ਕਤਲ ਸੀ, ਪੁਲਿਸ ਦਾ ਕਹਿਣਾ ਹੈ ਕਿ ਅਪਰਾਧ ਦੇ ਪਿੱਛੇ ਨਿੱਜੀ ਦੁਸ਼ਮਣੀ ਹੈ। ਓਡੀਸ਼ਾ ’ਚ ਕੁੱਝ ਥਾਵਾਂ ’ਤੇ ਈ.ਵੀ.ਐਮ. ’ਚ ਗੜਬੜੀ ਵੀ ਸਾਹਮਣੇ ਆਈ।