
ਫਿਲਹਾਲ ਉਹ ਅੰਤਰਿਮ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਹਨ
Sexual Harassment Case : ਕਰਨਾਟਕ ਦੇ ਬਹੁਚਰਚਿਤ ਜਿਨਸੀ ਸ਼ੋਸ਼ਣ ਮਾਮਲੇ 'ਚ ਜੇਡੀਐਸ ਨੇਤਾ ਅਤੇ ਵਿਧਾਇਕ ਐੱਚ.ਡੀ. ਰੇਵੰਨਾ ਨੂੰ ਬੈਂਗਲੁਰੂ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਫਿਲਹਾਲ ਉਹ ਅੰਤਰਿਮ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਹਨ।
ਇਸ ਤੋਂ ਪਹਿਲਾਂ 42ਵੀਂ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਨੇ 66 ਸਾਲਾ ਐੱਚ.ਡੀ. ਰੇਵੰਨਾ ਨੂੰ ਅੰਤਰਿਮ ਰਾਹਤ ਦਿੱਤੀ ਸੀ। ਜੱਜ ਪ੍ਰੀਤ ਜੇ ਨੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਇਤਰਾਜ਼ਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਜ਼ਮਾਨਤ ਦੇ ਹੁਕਮ ਦਿੱਤੇ।
ਐਚਡੀ ਰੇਵੰਨਾ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਬੇਟੇ ਪ੍ਰਜਵਲ ਰੇਵੰਨਾ ਦੇ ਖਿਲਾਫ ਕਈ ਮਹਿਲਾਵਾਂ ਨਾਲ ਜਿਨਸੀ ਸ਼ੋਸ਼ਣ ਦਾ ਆਰੋਪ ਹੈ।ਇਸ ਸਕੈਂਡਲ ਦਾ ਖੁਲਾਸਾ ਹੋਣ ਤੋਂ ਅਗਲੇ ਦਿਨ ਹੀ ਪ੍ਰਜਵਲ ਵਿਦੇਸ਼ ਭੱਜ ਗਿਆ ਸੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪ੍ਰਜਵਲ ਰੇਵੰਨਾ ਦੇਸ਼ ਤੋਂ ਬਾਹਰ ਹੈ ਅਤੇ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਵਾਪਸ ਨਹੀਂ ਪਰਤੇ।
ਕਿਉਂ ਹੋਈ ਸੀ ਗ੍ਰਿਫਤਾਰੀ ?
ਦਰਅਸਲ, ਪ੍ਰਜਵਲ ਰੇਵੰਨਾ ਦੇ ਪਿਤਾ ਅਤੇ ਜੇਡੀਐਸ ਨੇਤਾ ਐਚਡੀ ਰੇਵੰਨਾ ਨੂੰ 4 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਖਿਲਾਫ਼ ਇੱਕ ਮਹਿਲਾ ਦੇ ਲੜਕੇ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ। ਮਹਿਲਾ ਦੇ ਬੇਟੇ ਨੇ ਆਰੋਪ ਲਾਇਆ ਸੀ ਕਿ ਉਸ ਦੀ ਮਾਂ ਰੇਵੰਨਾ ਦੇ ਘਰ ਕੰਮ ਕਰਦੀ ਸੀ। ਇਸ ਤੋਂ ਬਾਅਦ ਉਸ ਦੀ ਮਾਂ ਅਚਾਨਕ ਲਾਪਤਾ ਹੋ ਗਈ। ਘਟਨਾ ਤੋਂ ਪਹਿਲਾਂ ਉਸ ਦੀ ਮਾਂ ਨੂੰ ਜਿਨਸੀ ਸ਼ੋਸ਼ਣ ਦਾ ਵੀਡੀਓ ਵੀ ਭੇਜਿਆ ਗਿਆ ਸੀ।
ਜ਼ਮਾਨਤ ਨੂੰ ਲੈ ਕੇ ਦਾਇਰ ਕੀਤੀ ਸੀ ਪਟੀਸ਼ਨ
ਹਾਲਾਂਕਿ, ਬਾਅਦ ਵਿੱਚ ਐਚਡੀ ਰੇਵੰਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪਣੀ ਜ਼ਮਾਨਤ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ ਪਰ ਵਿਸ਼ੇਸ਼ ਅਦਾਲਤ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ ਅਗਵਾ ਮਾਮਲੇ 'ਚ ਸ਼ਰਤਾਂ ਦੇ ਆਧਾਰ 'ਤੇ ਜ਼ਮਾਨਤ ਦਿੱਤੀ ਗਈ ਸੀ। ਹੁਣ ਉਨ੍ਹਾਂ ਨੂੰ ਯੌਨ ਸ਼ੋਸ਼ਣ ਮਾਮਲੇ 'ਚ ਵੀ ਰਾਹਤ ਮਿਲ ਗਈ ਹੈ।