
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਦੀਪਕ ਨਗਰ ਅਤੇ ਸੌਰਭ ਨੇ ਦੁਕਾਨ ਮਾਲਕ ਕੁਲਦੀਪ ਸਿੰਘ ਨੂੰ ਡਰਾਉਣ ਲਈ ਡਿਸਕਵਰੀ ਵਾਈਨ ਦੇ ਅੰਦਰ ਗੋਲੀਬਾਰੀ ਕੀਤੀ।
ਕਰਨਾਲ - ਹਰਿਆਣਾ ਦੇ ਮਾਨੇਸਰ ਵਿਚ 16 ਜੂਨ ਨੂੰ ਸ਼ਰਾਬ ਦੀ ਦੁਕਾਨ ਦੇ ਅੰਦਰ ਹੋਈ ਗੋਲੀਬਾਰੀ ਵਿਚ ਇੱਕ ਕੈਨੇਡੀਅਨ ਕੁਨੈਕਸ਼ਨ ਦਾ ਪਤਾ ਲੱਗਾ ਹੈ। ਦਰਅਸਲ ਇਸ ਘਟਨਾ ਵਿਚ ਇੱਕ ਕੈਨੇਡੀਅਨ ਗੈਂਗਸਟਰ ਦੀ ਭੂਮਿਕਾ ਸਾਹਮਣੇ ਆਈ ਹੈ, ਜੋ ਕਾਂਗਰਸੀ ਆਗੂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸ਼ੱਕੀਆਂ ਵਿਚੋਂ ਇੱਕ ਹੈ। ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਸ਼ੱਕੀਆਂ 'ਚੋਂ ਇਕ ਰੋਹਿਤ ਗਡਰੀਆ (21) ਨੇ ਸੋਮਵਾਰ ਨੂੰ ਪੁਲਿਸ ਨੂੰ ਦੱਸਿਆ ਕਿ ਉਹ ਕੈਨੇਡਾ ਸਥਿਤ ਗੈਂਗਸਟਰ ਲਿਪਿਨ ਨਹਿਰਾਂ ਦੇ ਹੁਕਮ 'ਤੇ ਕਾਰਵਾਈ ਕਰ ਰਹੇ ਸਨ।
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਦੀਪਕ ਨਗਰ ਅਤੇ ਸੌਰਭ ਨੇ ਦੁਕਾਨ ਮਾਲਕ ਕੁਲਦੀਪ ਸਿੰਘ ਨੂੰ ਡਰਾਉਣ ਲਈ ਡਿਸਕਵਰੀ ਵਾਈਨ ਦੇ ਅੰਦਰ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀਆਂ ਨੇ ਦੁਕਾਨ 'ਤੇ ਦੋ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ, ਜਿਸ ਨਾਲ ਦਿਹਾੜੀਦਾਰ ਸੰਦੀਪ ਸਿੰਘ ਦੀ ਮੌਤ ਹੋ ਗਈ ਅਤੇ ਦੋ ਗਾਹਕ ਦੇਵਰਾਜ ਸ਼ਰਮਾ ਅਤੇ ਰਾਜੇਂਦਰ ਪ੍ਰਸਾਦ ਜ਼ਖਮੀ ਹੋ ਗਏ।
ਫਾਇਰਿੰਗ ਕਰਨ ਤੋਂ ਬਾਅਦ ਨਾਗਰ ਅਤੇ ਸੌਰਭ ਗਡਰੀਆ ਦੀ ਮਦਦ ਨਾਲ ਮੌਕੇ ਤੋਂ ਫਰਾਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿਚ ਪੁਲਿਸ ਨੇ ਮੌਕੇ ਤੋਂ 9 ਐਮਐਮ ਦੇ 19 ਖਾਲੀ ਕਾਰਤੂਸ ਬਰਾਮਦ ਕੀਤੇ। ਗਡਰੀਆ ਨੂੰ ਮਾਨੇਸਰ ਦੀ ਕ੍ਰਾਈਮ ਬ੍ਰਾਂਚ ਯੂਨਿਟ ਨੇ ਐਤਵਾਰ ਨੂੰ ਫਾਰੂਖਨਗਰ ਦੇ ਡਬੋਡਾ ਤੋਂ ਫੜਿਆ ਸੀ। ਪੁਲਿਸ ਦੇ ਡਿਪਟੀ ਕਮਿਸ਼ਨਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ "ਨੇਹਰਾ, ਜੋ ਹੁਣ ਕੈਨੇਡਾ ਵਿਚ ਗੈਂਗਸਟਰ ਹੈ, ਉਹ ਗੈਂਗਸਟਰ ਗੋਲਡੀ ਬਰਾੜ ਨਾਲ ਜੁੜਿਆ ਹੋਇਆ ਹੈ, ਜਿਸ ਦੀ ਮੂਸੇਵਾਲਾ ਕਤਲ ਕੇਸ ਵਿਚ ਭੂਮਿਕਾ ਦੀ ਜਾਂਚ ਚੱਲ ਰਹੀ ਹੈ।"
ਨਹਿਰਾ ਨੇ ਕਥਿਤ ਤੌਰ 'ਤੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕੀਤੇ ਸਨ। ਸ਼ਰਾਬ ਦੀ ਦੁਕਾਨ 'ਤੇ ਗੋਲੀ ਚਲਾਉਣ ਤੋਂ ਪਹਿਲਾਂ ਨਹਿਰਾ ਨੇ ਦੁਕਾਨ ਦੇ ਮਾਲਕ ਨਾਲ ਵਟਸਐਪ ਰਾਹੀਂ ਸੰਪਰਕ ਕੀਤਾ ਅਤੇ ਉਸ ਨੂੰ ਆਪਣੇ ਪਿਤਾ ਦਯਾਰਾਮ ਨਹਿਰਾ ਦੀ ਦੁਕਾਨ ਛੱਡਣ ਦੀ ਮੰਗ ਕੀਤੀ।