
ਸੱਤਵੀਂ ਜਮਾਤ ’ਚ ਪੜ੍ਹਦੀ ਸਮ੍ਰਿਧੀ ਨੇ ਬਣਾਇਆ ਤੀਜਾ ਵਿਸ਼ਵ ਰੀਕਾਰਡ
ਦੁਬਈ, 19 ਜੁਲਾਈ : ਦੁਬਈ ਵਿਚ ਇਕ ਭਾਰਤੀ ਕੁੜੀ ਨੇ ਤਿੰਨ ਮਿੰਟ ਦੇ ਅੰਦਰ ਇਕ ਛੋਟੇ ਬਕਸੇ ਵਿਚ ਯੋਗ ਦੇ 100 ਆਸਨ ਕਰ ਕੇ ਵਿਸ਼ਵ ਰੀਕਾਰਡ ਨੂੰ ਤੋੜ ਦਿਤਾ। ਖਲੀਜ਼ ਟਾਈਮਜ਼ ਮੁਤਾਬਕ 11 ਸਾਲਾ ਸਮ੍ਰਿਧੀ ਕਾਲੀਆ ਦਾ ਇਹ ਤੀਜਾ ਯੋਗਾ ਸਿਰਲੇਖ ਹੈ ਅਤੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਦੂਜਾ ਹੈ। ਸਮ੍ਰਿਧੀ ਨੇ ਵੀਰਵਾਰ ਨੂੰ ਇਕ ਵਾਰ ਫਿਰ ‘ਸੀਮਤ ਜਗ੍ਹਾ ਵਿਚ ਸਭ ਤੋਂ ਤੇਜ਼ 100 ਯੋਗਾ ਆਸਨ’ ਕਰਦੇ ਹੋਏ ਗੋਲਡਨ ਬੁੱਕ ਆਫ਼ ਵਰਲਡ ਰੀਕਾਰਡ ਵਿਚ ਨਾਮ ਦਰਜ ਕਰਵਾਇਆ। ਉਸਨੇ ਬੁਰਜ ਖ਼ਲੀਫ਼ਾ ’ਚ ਤਿੰਨ ਮਿੰਟ ਅਤੇ 18 ਸਕਿੰਟਾਂ ਵਿਚ ਚੁਣੌਤੀ ਪੂਰੀ ਕੀਤੀ।
File Photo
ਇਕ ਛੋਟੇ ਬਕਸੇ ਦੇ ਅੰਦਰ ਇਕ ਮਿੰਟ ਵਿਚ ਤਕਰੀਬਨ 40 ਯੋਗ ਆਸਨ ਪ੍ਰਦਰਸ਼ਨ ਕਰਨ ਦਾ ਖ਼ਿਤਾਬ ਪ੍ਰਾਪਤ ਕਰਨ ਦੇ ਕੁਝ ਹੀ ਹਫ਼ਤਿਆਂ ਬਾਅਦ ਉਸ ਦਾ ਇਹ ਤੀਜਾ ਵਿਸ਼ਵ ਰੀਕਾਰਡ ਹੈ। ਉਸ ਨੇ ਅੰਤਰਰਾਸ਼ਟਰੀ ਯੋਗਾ ਦਿਵਸ ’ਤੇ ਦੂਜਾ ਵਿਸ਼ਵ ਰੀਕਾਰਡ ਬਣਾਉਣ ਦਾ ਦਾਅਵਾ ਕੀਤਾ, ਜੋ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ।ਦੁਬਈ ਦੇ ਅੰਬੈਸਡਰ ਸਕੂਲ ਦੀ ਸੱਤਵੀਂ ਜਮਾਤ ਦ ਵਿਦਿਆਰਥਣ ਮੰਨਣਾ ਹੈ ਕਿ ਅਜਿਹੀਆਂ ਸ਼ਾਨਦਾਰ ਪ੍ਰਾਪਤੀਆਂ ਸਖ਼ਤ ਮਿਹਨਤ ਅਤੇ ਲਗਨ ਨਾਲ ਸੰਭਵ ਹੋ ਸਕੀਆਂ ਹਨ।
ਖਲੀਜ਼ ਟਾਈਮਜ਼ ਨੇ ਸਮ੍ਰਿਧੀ ਦੇ ਹਵਾਲੇ ਨਾਲ ਕਿਹਾ,“ਸਾਡੇ ਸਾਰੇ ਸੁਪਨੇ ਸਾਕਾਰ ਹੋ ਸਕਦੇ ਹਨ ਜੇਕਰ ਸਾਡੇ ਵਿਚ ਉਨ੍ਹਾਂ ਦਾ ਪਿੱਛਾ ਕਰਨ ਦੀ ਹਿੰਮਤ ਹੈ। ਮੈਨੂੰ ਲਗਦਾ ਹੈ ਕਿ ਮੇਰੀ ਵੱਡੀ ਜਾਇਦਾਦ ਮੇਰੀ ਸਰੀਰਕ ਯੋਗਤਾ ਨਹੀਂ ਹੈ, ਇਹ ਮੇਰੀ ਮਾਨਸਿਕ ਯੋਗਤਾ ਹੈ।’’ ਸਮ੍ਰਿਧੀ ਰੋਜ਼ਾਨਾ ਯੋਗਾ ਦੇ ਤਿੰਨ ਘੰਟੇ ਦੇ ਅਭਿਆਸ ਤੋਂ ਇਲਾਵਾ, ਲਾਅਨ ਟੈਨਿਸ, ਸਾਈਕਲਿੰਗ, ਤੈਰਾਕੀ, ਆਈਸ ਸਕੇਟਿੰਗ ਦਾ ਆਨੰਦ ਲੈਂਦੀ ਹੈ ਅਤੇ ਬੈਡਮਿੰਟਨ ਵੀ ਸਿੱਖ ਰਹੀ ਹੈ। ਸਮ੍ਰਿਧੀ ਨਾ ਸਿਰਫ਼ ਵੱਖ-ਵੱਖ ਯੋਗ ਆਸਣਾਂ ਵਿਚ ਮਾਹਰ ਹੈ ਸਗੋਂ ਉਸ ਨੇ ਕਲਾਤਮਕ ਅਤੇ ਤਾਲਬੱਧ ਯੋਗਾ ਵਿਚ ਵੀ ਪ੍ਰਸੰਸਾ ਪ੍ਰਾਪਤ ਕੀਤੀ ਹੈ। ਉਸ ਨੂੰ ਜਨਵਰੀ 2020 ਵਿਚ ਪ੍ਰਵਾਸੀ ਭਾਰਤੀ ਦਿਵਸ ਪੁਰਸਕਾਰ ਵੀ ਮਿਲਿਆ ਸੀ, ਜਿਸ ਨੂੰ ਭਾਰਤ ਦੇ ਕੌਂਸਲੇਟ-ਜਨਰਲ ਦੁਆਰਾ ਯੋਗਾ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਦਿਤਾ ਗਿਆ ਸੀ। (ਪੀਟੀਆਈ)