
ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਮਾਰਗਰੇਟ ਅਲਵਾ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਅਪਣੀ 'ਯੂਥ ਟੀਮ'
ਨਵੀਂ ਦਿੱਲੀ, 19 ਜੁਲਾਈ : ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਮਾਰਗਰੇਟ ਅਲਵਾ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਅਪਣੀ 'ਯੂਥ ਟੀਮ' ਬਣਾਉਣ ਦਾ ਮੌਕਾ ਦਿਤਾ ਜਾਣਾ ਚਾਹੀਦਾ ਹੈ ਜਿਸ ਨਾਲ ਕਾਂਗਰਸ ਅੰਦਰ ਨਵਾਂ ਦ੍ਰਿਸ਼ਟੀਕੋਣ ਅਤੇ ਨਵਾਂ ਜੋਸ਼ ਆਵੇਗਾ। ਬਜ਼ੁਰਗ ਕਾਂਗਰਸੀ ਆਗੂ ਅਲਵਾ ਪੰਜ ਵਾਰ ਸੰਸਦ ਮੈਂਬਰ ਰਹਿ ਚੁਕੀ ਹੈ ਅਤੇ ਰਾਜੀਵ ਗਾਂਧੀ ਸਰਕਾਰ ਵਿਚ ਸੰਸਦੀ ਰਾਜ ਮੰਤਰੀ ਵੀ ਰਹੀ ਹੈ।
File Photo
ਸਚਿਨ ਪਾਇਲਟ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਛੋਟੀ ਉਮਰ ਵਿਚ ਹੀ ਕਾਫ਼ੀ ਕੁੱਝ ਹਾਸਲ ਹੋ ਗਿਆ। ਜੇ ਉਹ ਗਹਿਲੋਤ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਸਨ ਤਾਂ ਉਹ ਬਤੌਰ ਸੂਬਾ ਪ੍ਰਧਾਨ ਕੰਮ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਇਸ ਗੱਲ ਵਿਚ ਸਚਾਈ ਨਹੀਂ ਕਿ ਹਾਈ ਕਮਾਨ ਮੁੱਖ ਮੰਤਰੀਆਂ ਦੀ ਗੱਲ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਜਿਥੇ ਜਿਥੇ ਵੀ ਕਾਂਗਰਸ ਦੇ ਮੁੱਖ ਮੰਤਰੀ ਹਨ, ਉਹ ਆਪੋ ਅਪਣੇ ਢੰਗ ਨਾਲ ਚੰਗਾ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ, 'ਮੈਂ ਸਿੱਧੀ ਗੱਲ ਕਹਿੰਦੀ ਹਾਂ। ਸਾਡੀ ਪਾਰਟੀ ਦੀ ਵਰਕਿੰਗ ਕਮੇਟੀ ਵਿਚ ਜਿਹੜੇ ਫ਼ੈਸਲਾ ਕਰਨ ਵਾਲੇ ਬੈਠੇ ਹਨ, ਉਨ੍ਹਾਂ ਦੀ ਉਮਰ ਕੀ ਹੈ? ਸਾਰੇ 75-80 ਅਤੇ 85 ਦੇ ਨੇੜੇ-ਤੇੜੇ ਹਨ। ਇਹ ਲੋਕ ਤਾਂ ਰਾਹੁਲ ਜੀ ਨੂੰ ਕਦੇ ਅੱਗੇ ਨਹੀਂ ਆਉਣ ਦੇ ਰਹੇ। ਦਿੱਲੀ ਵਿਚ ਰਾਹੁਲ ਨੂੰ ਅਪਣੀ ਨੌਜਵਾਨ ਟੀਮ ਬਣਾਉਣ ਦਾ ਮੌਕਾ ਦੇਣਾ ਚਾਹੀਦਾ ਹੈ। ਪਾਰਟੀ ਅੰਦਰ ਜੇ ਕੋਈ ਵਿਵਾਦ ਹੈ ਤਾਂ ਉਸ ਦਾ ਹੱਲ ਕਢਿਆ ਜਾਣਾ ਚਾਹੀਦਾ ਹੈ। ਹਰ ਚੀਜ਼ ਸੋਨੀਆ ਜੀ ਦੇ ਸਿਰ 'ਤੇ ਸੁੱਟ ਕੇ ਤੁਸੀਂ ਸਾਰੇ ਕੀ ਕਰ ਰਹੇ ਹੋ? ਜਦ ਪੰਜ ਰਾਜਾਂ ਵਿਚ ਰਾਹੁਲ ਦੀ ਅਗਵਾਈ ਵਿਚ ਸਰਕਾਰ ਬਣੀ ਤਾਂ ਕੋਈ ਕੁੱਝ ਨਹੀਂ ਬੋਲਿਆ। ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦਿਤਾ ਜਾਣਾ ਚਾਹੀਦਾ ਹੈ।' (ਏਜੰਸੀ)