
ਸਮਝੌਤੇ ਨਾਲ ਪਛਮੀ ਏਸ਼ੀਆ 'ਚ ਸ਼ਾਂਤੀ ਲਿਆਉਣ 'ਚ ਮਿਲੇਗੀ ਮਦਦ
ਦੁਬਈ, 14 ਅਗੱਸਤ : ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਈਲ ਵਿਚਕਾਰ ਦਹਾਕਿਆਂ ਤੋਂ ਚਲੀ ਆ ਰਹੀ ਦੁਸ਼ਮਣੀ ਹੁਣ ਖ਼ਤਮ ਹੋ ਗਈ ਹੈ। ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਇਜ਼ਰਾਈਲ ਨੇ ਉਸ ਸਮਝੌਤੇ ਤਹਿਤ ਪੂਰਨ ਡਿਪਲੋਮੈਟਿਕ ਸਬੰਧ ਸਥਾਪਤ ਕਰਨ 'ਤੇ ਸਹਿਮਤੀ ਜਤਾਈ ਹੈ, ਜਿਸ 'ਚ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ। ਤਿੰਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਇਸ ਨਾਲ ਪਛਮੀ ਏਸ਼ੀਆ ਖੇਤਰ 'ਚ ਸ਼ਾਂਤੀ ਲਿਆਉਣ 'ਚ ਮਦਦ ਮਿਲੇਗੀ ਅਤੇ ਇਸ ਦੇ ਤਹਿਤ ਇਜ਼ਰਾਈਲ ਵੈਸਟ ਬੈਂਕ ਦੇ ਵਡੇ ਹਿੱਸਿਆਂ ਨੂੰ ਅਪਣੇ 'ਚ ਮਿਲਾਉਣ ਦੀ ਯੋਜਨਾ ਰੱਦ ਕਰ ਦੇਵੇਗਾ। ਇਕ ਸਾਂਝੇ ਬਿਆਨ ਮੁਤਾਬਕ ਇਸ ਇਤਿਹਾਸਕ ਕੂਟਨੀਤਕ ਸਫ਼ਲਤਾ ਨਾਲ ਪਛਮੀ ਏਸ਼ੀਆ 'ਚ ਸ਼ਾਂਤੀ ਲਿਆਉਣ 'ਚ ਮਦਦ ਮਿਲੇਗੀ।
ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਇਜ਼ਰਾਈਲ ਨੇ ਦਹਾਕਿਆਂ ਪੁਰਾਣੀ ਦੁਸ਼ਮਣੀ ਭੁਲਾ ਕੇ ਇਹ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਇਜ਼ਰਾਈਲ ਫਿਲਿਸਤੀਨ ਦੇ ਵੈਸਟ ਬੈਂਕ ਇਲਾਕੇ 'ਚ ਅਪਣੀ ਦਾਅਵੇਦਾਰੀ ਛੱਡਣ ਲਈ ਤਿਆਰ ਹੋ ਗਿਆ ਹੈ। ਜਦਕਿ ਯੂਏਈ, ਇਜ਼ਰਾਈਲ ਨਾਲ ਪੂਰਨ ਡਿਪਲੋਮੈਟਿਕ ਸਬੰਧ ਬਹਾਲ ਕਰਨ ਲਈ ਰਾਜ਼ੀ ਹੋ ਗਿਆ।
ਅਜਿਹਾ ਕਰਨ ਵਾਲਾ ਉਹ ਪਹਿਲਾ ਖਾੜੀ ਦੇਸ਼ ਬਣ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਮੁਲਕਾਂ ਵਿਚਕਾਰ ਹੋਏ ਇਸ ਇਤਿਹਾਸਕ ਸਮਝੌਤੇ ਬਾਰੇ ਐਲਾਨ ਕੀਤਾ। ਓਵਲ ਆਫਿਸ ਰਾਹੀਂ ਟਰੰਪ ਨੇ ਕਿਹਾ ਕਿ 49 ਸਾਲ ਬਾਅਦ ਇਜ਼ਰਾਈਲ ਅਤੇ ਯੂਏਈ ਵਿਚਕਾਰ ਡਿਪਲੋਮੈਟਿਕ ਸਬੰਧ ਆਮ ਦੀ ਤਰ੍ਹਾਂ ਹੋ ਜਾਣਗੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨਾਂ ਨੂੰ ਉਮੀਦ ਹੈ ਕਿ ਅਰਬ ਦੇ ਹੋਰ ਮੁਸਲਿਮ ਦੇਸ਼ ਵੀ ਯੂਏਈ ਦੇ ਨਕਸ਼ੇ ਕਦਮਾਂ 'ਤੇ ਚੱਲਣਗੇ।
ਟਰੰਪ, ਨੇਤਨਯਾਹੂ ਅਤੇ ਅਬੁ ਧਾਬੀ ਕਰਾਊਨ ਪ੍ਰਿੰਸ ਨੇ ਸਾਂਝੇ ਬਿਆਨ 'ਚ ਕਿਹਾ ਕਿ ਮੱਧ ਪੂਰਬ ਦੇ ਦੋ ਸਭ ਤੋਂ ਤੇਜ਼ੀ ਨਾਲ ਤਰੱਕੀ ਕਰ ਰਹੀਆਂ ਅਰਥਵਿਵਸਥਾਵਾਂ ਵਿਚਕਾਰ ਸਿੱਧੇ ਸਬੰਧ ਖੁੱਲ੍ਹਣ ਨਾਲ ਆਰਥਿਕ ਵਿਕਾਸ 'ਚ ਤੇਜ਼ੀ ਆਵੇਗੀ। ਸਮਝੌਤੇ ਦੇ ਤਹਿਤ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦੇ ਪ੍ਰਤੀਨਿਧੀ ਮੰਡਲ ਆਉਣ ਵਾਲੇ ਹਫ਼ਤਿਆਂ ਵਿੱਚ ਨਿਵੇਸ਼, ਸੈਰ-ਸਪਾਟਾ, ਸਿੱਧੀ ਉਡਾਣ, ਸੁਰੱਖਿਆ, ਦੂਰਸੰਚਾਰ ਅਤੇ ਹੋਰ ਮੁੱਦਿਆਂ 'ਤੇ ਦੁਵੱਲੇ ਸਮਝੌਤਿਆਂ 'ਤੇ ਦਸਤਖ਼ਤ ਕਰਨਗੇ। ਦੋਵੇਂ ਮੁਲਕ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਵੀ ਇਕਜੁੱਟ ਹੋਣਗੇ। (ਏਜੰਸੀ)