
ਰਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲਦਾਖ਼ ਵਿਚ ਚੀਨ ਨਾਲ ਚੱਲ ਰਹੇ ਵਿਵਾਦ ਵਿਚਾਲੇ ਚੀਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ
ਨਵੀਂ ਦਿੱਲੀ, 14 ਅਗੱਸਤ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲਦਾਖ਼ ਵਿਚ ਚੀਨ ਨਾਲ ਚੱਲ ਰਹੇ ਵਿਵਾਦ ਵਿਚਾਲੇ ਚੀਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਜੇ ਕੋਈ ਦੁਸ਼ਮਣ ਮੁਲਕ ਭਾਰਤ 'ਤੇ ਹਮਲਾ ਕਰਦਾ ਹੈ ਤਾਂ ਸਾਡਾ ਦੇਸ਼ ਮੂੰਹਤੋੜ ਜਵਾਬ ਦੇਵੇਗਾ। ਆਜ਼ਾਦੀ ਦਿਵਸ ਦੀ ਪੂਰਬਲੀ ਸ਼ਾਮ ਨੂੰ ਹਥਿਆਰਬੰਦ ਬਲਾਂ ਨੂੰ ਦਿਤੇ ਸੁਨੇਹੇ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦਿਲਾਂ ਨੂੰ ਜਿੱਤਣ ਵਿਚ ਭਰੋਸਾ ਕਰਦਾ ਹੈ, ਜ਼ਮੀਨ ਜਿੱਤਣ ਵਿਚ ਨਹੀਂ। ਉਨ੍ਹਾਂ ਕਿਹਾ, 'ਪਰ ਇਸ ਦਾ ਇਹ ਮਤਲਬ ਇਹ ਨਹੀਂ ਕਿ ਅਸੀਂ ਅਪਣੇ ਸਵੈਮਾਣ ਦੀ ਭਾਵਨਾ ਨੂੰ ਸੱਟ ਵੱਜਣ ਦਿਆਂਗੇ।
' ਰਖਿਆ ਮੰਤਰੀ ਨੇ ਕਿਹਾ ਕਿ ਕੌਮੀ ਸੁਰੱਖਿਆ ਲਈ ਭਾਰਤ ਜੋ ਵੀ ਕਰਦਾ ਹੈ, ਉਹ ਹਮੇਸ਼ਾ ਆਤਮ ਰਖਿਆ ਲਈ ਕਰਦਾ ਹੈ, ਨਾਕਿ ਹੋਰ ਦੇਸ਼ਾਂ 'ਤੇ ਹਮਲਾ ਕਰਨ ਲਈ। ਉਨ੍ਹਾਂ ਕਿਹਾ, 'ਜੇ ਦੁਸ਼ਮਣ ਦੇਸ਼ ਸਾਡੇ 'ਤੇ ਹਮਲਾ ਕਰਦਾ ਹੈ ਤਾਂ ਅਸੀਂ ਹਰ ਵਾਰ ਵਾਂਗ ਮੂੰਹਤੋੜ ਜਵਾਬ ਦਿਆਂਗੇ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਨੇ ਕਦੇ ਕਿਸੇ 'ਤੇ ਹਮਲਾ ਨਹੀਂ ਕੀਤਾ ਜਾਂ ਕਦੇ ਕਿਸੇ ਹੋਰ ਦੇਸ਼ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।' ਰਖਿਆ ਮੰਤਰੀ ਨੇ ਹਥਿਆਬੰਦ ਬਲਾਂ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਸਰਕਾਰ ਉਹ ਸੱਭ ਕੁੱਝ ਕਰ ਰਹੀ ਹੈ ਜੋ ਉਸ ਦੀ ਮੁਹਿੰਮ ਸਬੰਧੀ ਲੋੜਾਂ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ। (ਏਜੰਸੀ)