
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਡਾਕਟਰ ਸਿਵਨ ਨੇ ਕਿਹਾ ਕਿ ਇਸਰੋ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ।
ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਡਾਕਟਰ ਸਿਵਨ ਨੇ ਕਿਹਾ ਕਿ ਇਸਰੋ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਇਹ ਗੱਲ ਹਰ ਇਕ ਨੂੰ ਸਪੱਸ਼ਟ ਹੈ। ਲੋਕਾਂ ਦੇ ਮਨਾਂ ਵਿਚ ਅਜਿਹੀਆਂ ਗਲਤ ਧਾਰਨਾਵਾਂ ਸਨ ਕਿ ਸਰਕਾਰ ਇਸਰੋ ਦਾ ਨਿੱਜੀਕਰਨ ਕਰਨ ਜਾ ਰਹੀ ਹੈ। ਅਜਿਹਾ ਕਦੀ ਨਹੀਂ ਹੋਵੇਗਾ। ਇਸਰੋ ਵੱਲੋਂ ਅਯੋਜਤ ਇਕ ਵੈਬੀਨਾਰ Unlocking India's Potential in Space Sector ਵਿਚ ਇਸਰੋ ਮੁਖੀ ਸਿਵਨ ਨੇ ਇਹ ਗੱਲ ਕਹੀ ਹੈ।
K.Sivan
ਨਿੱਜੀ ਕੰਪਨੀਆਂ ਦੇ ਨਾਲ ਮਿਲ ਕੇ ਚੱਲਣ ਦਾ ਪ੍ਰੋਗਰਾਮ ਹੈ ਤਾਂ ਜੋ ਇਸਰੋ ਤਕਨਾਲੋਜੀ ਦੇ ਵਿਕਾਸ ਅਤੇ ਸਮਰੱਥਾ ਨੂੰ ਵਧਾ ਸਕੇ। ਡਾਕਟਰ ਸਿਵਨ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਇਸ ਨਵੀਂ ਪੁਲਾੜ ਨੀਤੀ ਤਹਿਤ ਸਾਡੇ ਨਾਲ ਪੁਲਾੜ ਗਤੀਵਿਧੀਆਂ ਵਿਚ ਹਿੱਸਾ ਲੈਣਗੀਆਂ। ਪਰ ਮੁੱਖ ਕੰਮ ਇਸਰੋ ਅਤੇ ਇਸ ਦੇ ਵਿਗਿਆਨੀ ਕਰਨਗੇ। ਪੁਲਾੜ ਖੇਤਰ ਵਿਚ ਸੁਧਾਰ ਲਿਆਉਣ ਵਾਲੀ ਨੀਤੀ ਇਸਰੋ ਅਤੇ ਦੇਸ਼ ਲਈ ਗੇਮ ਚੇਂਜਰ ਸਾਬਤ ਹੋਵੇਗੀ।
ISRO
ਇਸ ਨਾਲ ਭਾਰਤ ਸਪੇਸ ਖੇਤਰ ਵਿਚ ਅਪਣਾ ਨਵਾਂ ਨਾਮ ਬਣਾਵੇਗਾ। ਸਿਵਨ ਨੇ ਕਿਹਾ ਕਿ ਇਸ ਸਮੇਂ ਇਸਰੋ ਖੋਜ ਅਤੇ ਵਿਕਾਸ ਦੇ ਨਾਲ-ਨਾਲ ਰਾਕੇਟ ਅਤੇ ਉਪਗ੍ਰਹਿ ਬਣਾਉਂਦਾ ਹੈ। ਸਰਕਾਰ ਨੇ ਪੁਲਾੜ ਖੇਤਰ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਬਣਾਉਣ ਲਈ ਪ੍ਰਾਈਵੇਟ ਕੰਪਨੀਆਂ ਦੀ ਸਹਾਇਤਾ ਲਵਾਂਗੇ, ਤਾਂ ਜੋ ਵੱਧ ਤੋਂ ਵੱਧ ਸੈਟੇਲਾਈਟ ਜਾਰੀ ਕੀਤੇ ਜਾ ਸਕਣ।
Kailasavadivoo Sivan
ਇਸਰੋ ਮੁਖੀ ਨੇ ਕਿਹਾ ਕਿ ਸਪੇਸ ਸੈਕਟਰ ਵਿਚ ਨਿੱਜੀ ਕੰਪਨੀਆਂ ਕੋਲ ਕਾਫ਼ੀ ਮੌਕੇ ਹਨ। ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਵੱਡੀ ਗਿਣਤੀ ਵਿਚ ਸੰਚਾਰ ਉਪਗ੍ਰਹਿ ਦੀ ਲੋੜ ਹੋਵੇਗੀ। ਇਸ ਦੇ ਲਈ ਨਿੱਜੀ ਕੰਪਨੀਆਂ ਅੱਗੇ ਆ ਕੇ ਇਸਰੋ ਦੇ ਨਾਲ ਕੰਮ ਕਰਨਗੀਆਂ। ਇਸ ਦਾ ਇਹ ਮਤਲਬ ਨਹੀਂ ਹੈ ਕਿ ਇਸਰੋ ਦਾ ਨਿੱਜੀਕਰਨ ਹੋ ਰਿਹਾ ਹੈ।