
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਦੋਵੇਂ ਪਲੇਟਫਾਰਮਾਂ ਨੇ ਰਾਹੁਲ ਨੂੰ ਇਸ ਪੋਸਟ ਨੂੰ ਖ਼ੁਦ ਹਟਾਉਣ ਦੀ ਚਿਤਾਵਨੀ ਵੀ ਦਿੱਤੀ ਸੀ।
ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ ਗਈ ਜਬਰ ਜ਼ਿਨਾਹ ਪੀੜਤਾ ਅਤੇ ਉਸ ਦੇ ਪਰਿਵਾਰ ਦੀ ਪੋਸਟ ਨੂੰ ਅੱਜ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਹਟਾ ਦਿੱਤਾ ਹੈ। ਦੱਸਣਯੋਗ ਹੈ ਕਿ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨ.ਸੀ.ਪੀ.ਸੀ.ਆਰ.) ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਦੋਵੇਂ ਪਲੇਟਫਾਰਮਾਂ ਨੇ ਰਾਹੁਲ ਨੂੰ ਇਸ ਪੋਸਟ ਨੂੰ ਖ਼ੁਦ ਹਟਾਉਣ ਦੀ ਚਿਤਾਵਨੀ ਵੀ ਦਿੱਤੀ ਸੀ।
Rahul Gandhi
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੂੰ ਲਿਖੀ ਆਪਣੀ ਚਿੱਠੀ ’ਚ ਫੇਸਬੁੱਕ ਨੇ ਕਿਹਾ,‘‘ਤੁਸੀਂ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਜੋ ਪੋਸਟ ਸ਼ੇਅਰ ਕੀਤੀ ਹੈ, ਉਹ ਕਿਸ਼ੋਰ ਨਿਆਂ ਕਾਨੂੰਨ, 2015 ਦੀ ਧਾਰਾ 74, ਪੋਕਸੋ ਕਾਨੂੰਨ ਦੀ ਧਾਰਾ 23 ਅਤੇ ਆਈ.ਪੀ.ਸੀ. ਦੀ ਧਾਰਾ 288ਏ ਦੇ ਅਧੀਨ ਗੈਰ ਕਾਨੂੰਨੀ ਹੈ। ਐੱਨ.ਸੀ.ਪੀ.ਸੀ.ਆਰ. ਦੇ ਨੋਟਿਸ ਅਨੁਸਾਰ, ਤੁਹਾਨੂੰ ਇਹ ਪੋਸਟ ਹਟਾਉਣ ਦੀ ਅਪੀਲ ਕੀਤੀ ਜਾਂਦੀ ਹੈ।’’
ਦੱਸ ਦਈਏ ਕਿ 9 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਅਤੇ ਕਤਲ ਦੇ ਮਾਮਲੇ ’ਚ ਬੱਚੀ ਦੀ ਮਾਂ ਨੂੰ ਗਲੇ ਲਗਾਏ ਫ਼ੋਟੋ ਸਾਂਝੀ ਕਰਨ ਤੋਂ ਬਾਅਦ ਟਵਿੱਟਰ ਨੇ 6 ਅਗਸਤ ਨੂੰ ਰਾਹੁਲ ਦਾ ਅਕਾਊਂਟ ਲੌਕ ਕਰ ਦਿੱਤਾ ਸੀ। ਰਾਹੁਲ ਨੇ 13 ਅਗਸਤ ਨੂੰ ਇਕ ਵੀਡੀਓ ਜਾਰੀ ਕਰ ਕੇ ਟਵਿੱਟਰ ਇੰਡੀਆ ਦੀ ਕਾਰਵਾਈ ’ਤੇ ਸਵਾਲ ਚੁੱਕਦੇ ਹੋਏ ਇਸ ਨੂੰ ਲੋਕਤੰਤਰੀ ਢਾਂਚੇ ’ਤੇ ਹਮਲਾ ਦੱਸਿਆ ਸੀ ਅਤੇ ਟਵਿੱਟਰ ਨੂੰ ਪੱਖਪਾਤੀ ਪਲੇਟਫਾਰਮ ਕਰਾਰ ਦਿੱਤਾ ਸੀ।
ਹਾਲਾਂਕਿ ਇਕ ਦਿਨ ਬਾਅਦ ਹੀ ਟਵਿੱਟਰ ਨੇ ਰਾਹੁਲ ਸਮੇਤ ਕਾਂਗਰਸ ਦੇ ਹੋਰ ਨੇਤਾਵਾਂ ਦੇ ਅਕਾਊਂਟ ਅਨਲੌਕ ਕਰ ਦਿੱਤੇ ਸਨ ਪਰ ਰਾਹੁਲ ਨੇ ਅਨਲੌਕ ਤੋਂ ਬਾਅਦ ਹਾਲੇ ਤੱਕ ਆਪਣੀ ਗੱਲ ਕਹਿਣ ਲਈ ਇਸ ਪਲੇਟਫਾਰਮ ਦੀ ਵਰਤੋਂ ਨਹੀਂ ਕੀਤੀ ਹੈ।