ਜੇਕਰ ਤੁਸੀਂ ਭਾਰਤ ਜਾਓ, ਜਨਤਾ ਦੇ ਵਿਚਕਾਰ ਜਾਓ, ਤੁਸੀਂ ਦੇਖੋਗੇ ਕਿ ਲੋਕਾਂ ਵਿਚ ਇੱਕ ਦੂਜੇ ਲਈ ਪਿਆਰ ਅਤੇ ਸਤਿਕਾਰ ਹੈ - Rahul Gandhi
ਲੱਦਾਖ - ਲੱਦਾਖ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, 'ਲੱਦਾਖ ਦੇ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਚੀਨੀ ਫੌਜ ਇੱਥੇ ਦਾਖਲ ਹੋ ਗਈ ਹੈ। ਉਹ ਉੱਥੇ ਜਾਣ ਦੇ ਯੋਗ ਨਹੀਂ ਹਨ ਜੋ ਉਨ੍ਹਾਂ ਦੀ ਪਸ਼ੂਆਂ ਨੂੰ ਚਰਾਉਣ ਵਾਲੀ ਜ਼ਮੀਨ ਹੁੰਦੀ ਸੀ। ਲੱਦਾਖ ਵਿਚ ਹਰ ਕੋਈ ਇਹੀ ਕਹਿ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਕ ਇੰਚ ਵੀ ਜ਼ਮੀਨ ਨਹੀਂ ਗਈ, ਪਰ ਇਹ ਸੱਚ ਨਹੀਂ ਹੈ। ਤੁਸੀਂ ਇੱਥੇ ਕਿਸੇ ਨੂੰ ਪੁੱਛੋ, ਉਹ ਤੁਹਾਨੂੰ ਦੱਸ ਦੇਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਲੱਦਾਖ ਦੇ ਲੋਕਾਂ ਦੀਆਂ ਬਹੁਤ ਸ਼ਿਕਾਇਤਾਂ ਹਨ, ਉਹ ਉਨ੍ਹਾਂ ਨੂੰ ਜੋ ਦਰਜਾ ਦਿੱਤਾ ਗਿਆ ਹੈ, ਉਸ ਤੋਂ ਖੁਸ਼ ਨਹੀਂ ਹਨ। ਉਹ ਨੁਮਾਇੰਦਗੀ ਚਾਹੁੰਦੇ ਹਨ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਹੈ। ਲੋਕ ਕਹਿ ਰਹੇ ਹਨ ਕਿ ਰਾਜ ਨੂੰ ਅਫਸਰਸ਼ਾਹੀ ਨਹੀਂ ਸਗੋਂ ਲੋਕਾਂ ਦੀ ਆਵਾਜ਼ ਨਾਲ ਚਲਾਉਣਾ ਚਾਹੀਦਾ ਹੈ।
ਦਰਅਸਲ ਰਾਹੁਲ ਗਾਂਧੀ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 77ਵੀਂ ਜਯੰਤੀ 'ਤੇ ਲੱਦਾਖ ਪਹੁੰਚੇ ਸਨ।
ਉਨ੍ਹਾਂ ਨੇ ਇੱਥੇ ਪੈਂਗੋਂਗ ਤਸੋ ਝੀਲ 'ਤੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਭਾਰਤ ਜੋੜੋ ਯਾਤਰਾ ਦੇ ਸਮੇਂ ਲੱਦਾਖ ਜਾਣਾ ਚਾਹੁੰਦੇ ਸੀ, ਪਰ ਕਿਸੇ ਕਾਰਨਾਂ ਕਰ ਕੇ ਉੱਥੇ ਨਹੀਂ ਜਾ ਸਕੇ। ਫਿਰ ਉਹਨਾਂ ਨੇ ਸੋਚਿਆ ਕਿ ਲੱਦਾਖ ਦਾ ਦੌਰਾ ਵਿਸਤਾਰ ਨਾਲ ਕੀਤਾ ਜਾਵੇ। ਰਾਹੁਲ ਨੇ ਕਿਹਾ ਕਿ ਉਹ ਲੇਹ ਗਏ ਸਨ ਅਤੇ ਪੈਂਗੋਂਗ ਤੋਂ ਬਾਅਦ ਹੁਣ ਨੁਬਰਾ ਜਾ ਰਹੇ ਹਨ। ਇਸ ਤੋਂ ਰਾਹੁਲ ਗਾਂਧੀ ਕਾਰਗਿਲ ਵੀ ਜਾਣਗੇ। ਉਹਨਾਂ ਨੇ ਕਿਹਾ ਕਿ ਉਹ ਇੱਥੇ ਲੋਕਾਂ ਦੇ ਦਿਲ ਦੀ ਗੱਲ ਸੁਣਨ ਆਏ ਹਨ।
ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਰਾਹੁਲ ਲੱਦਾਖ ਤੋਂ ਪੈਂਗੋਂਗ ਲਈ ਰਵਾਨਾ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ, 'ਮੇਰੇ ਪਿਤਾ ਪੈਂਗੋਂਗ ਬਾਰੇ ਕਹਿੰਦੇ ਸਨ ਕਿ ਇਹ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਥਾਵਾਂ 'ਚੋਂ ਇਕ ਹੈ।' ਸ਼ਨੀਵਾਰ ਸਵੇਰੇ ਰਾਹੁਲ ਰਾਈਡਰ ਲੁੱਕ 'ਚ ਪੈਂਗੋਂਗ ਤਸੋ ਝੀਲ ਲਈ ਰਵਾਨਾ ਹੋਏ। ਰਾਹੁਲ ਦੇ ਇਸ ਸਾਹਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਸ ਦੌਰਾਨ ਰਾਹੁਲ ਨੂੰ KTM ਬਾਈਕ ਅਤੇ ਸਪੋਰਟਸ ਹੈਲਮੇਟ 'ਚ ਲੱਦਾਖ ਦੀਆਂ ਸੜਕਾਂ 'ਤੇ ਬਾਈਕ ਚਲਾਉਂਦੇ ਦੇਖਿਆ ਗਿਆ। ਰਾਹੁਲ ਗਾਂਧੀ ਨੇ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਰਾਹੁਲ ਨੇ ਲੱਦਾਖ ਪਹੁੰਚ ਕੇ ਵੱਖਵਾਦ ਦੇ ਮੁੱਦੇ 'ਤੇ ਯੂਥ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਗੱਲਬਾਤ ਕੀਤੀ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕੁਝ ਸਿਆਸੀ ਲੋਕ ਦੇਸ਼ ਵਿਚ ਨਫ਼ਰਤ ਦਾ ਮਾਹੌਲ ਪੈਦਾ ਕਰ ਰਹੇ ਹਨ।
ਜੇਕਰ ਤੁਸੀਂ ਭਾਰਤ ਜਾਓ, ਜਨਤਾ ਦੇ ਵਿਚਕਾਰ ਜਾਓ, ਤੁਸੀਂ ਦੇਖੋਗੇ ਕਿ ਲੋਕਾਂ ਵਿਚ ਇੱਕ ਦੂਜੇ ਲਈ ਪਿਆਰ ਅਤੇ ਸਤਿਕਾਰ ਹੈ। ਦੱਸ ਦਈਏ ਕਿ 20 ਅਗਸਤ 1944 ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਹੋਇਆ ਸੀ। ਕਾਂਗਰਸ ਇਸ ਦਿਨ ਨੂੰ ਸਦਭਾਵਨਾ ਦਿਵਸ ਵਜੋਂ ਮਨਾਉਂਦੀ ਹੈ। ਦੱਸ ਦਈਏ ਕਿ ਰਾਜੀਵ ਗਾਂਧੀ ਦੇ ਜਨਮਦਿਨ 'ਤੇ ਰਾਹੁਲ ਗਾਂਧੀ ਨੇ ਵੀ ਐਕਸ (ਟਵਿਟਰ) 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, 'ਪਾਪਾ, ਤੁਹਾਡੀਆਂ ਅੱਖਾਂ 'ਚ ਭਾਰਤ ਲਈ ਜੋ ਸੁਪਨੇ ਸਨ, ਉਹ ਇਨ੍ਹਾਂ ਅਨਮੋਲ ਯਾਦਾਂ ਨਾਲ ਭਰ ਗਏ ਹਨ।