
ਮਹਾਰਾਣੀ ਦੇ ਤਾਬੂਤ ਦੀ ਅੰਤਿਮ ਝਲਕ ਪਾਉਣ ਲਈ ਕਤਾਰਾਂ ਵਿਚ ਲੱਗੇ ਲੋਕ
ਲੰਡਨ: ਬੀਤੇ ਦਿਨੀਂ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 ਦਾ ਦਿਹਾਂਤ ਹੋ ਗਿਆ ਸੀ। ਮਹਾਰਾਣੀ ਦੀ ਮੌਤ ਕਾਰਨ ਪੂਰੇ ਬ੍ਰਿਟੇਨ 'ਚ ਸੋਗ ਦਾ ਮਾਹੌਲ ਸੀ। ਉਸ ਦੇ ਅੰਤਿਮ ਦਰਸ਼ਨਾਂ ਲਈ 2.5 ਲੱਖ ਤੋਂ ਵੱਧ ਲੋਕ ਪੁੱਜੇ ਸਨ।
ਮਹਾਰਾਣੀ ਐਲਿਜ਼ਾਬੈਥ II ਦੀ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ 8 ਸਤੰਬਰ 2022 ਨੂੰ 96 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਮਹਾਰਾਣੀ ਦੀ ਮ੍ਰਿਤਕ ਦੇਹ ਨੂੰ ਵੈਸਟਮਿੰਸਟਰ ਹਾਲ 'ਚ ਰੱਖਿਆ ਗਿਆ ਹੈ ਅਤੇ ਸੋਮਵਾਰ ਸਵੇਰੇ ਉਸ ਦਾ ਅੰਤਿਮ ਸਸਕਾਰ ਵੈਸਟਮਿੰਸਟਰ ਐਬੇ 'ਚ ਕੀਤਾ ਗਿਆ।
ਲੋਕ ਬੁੱਧਵਾਰ ਰਾਤ ਤੋਂ ਸੋਮਵਾਰ ਸਵੇਰੇ 6:30 ਵਜੇ ਤੱਕ ਵੈਸਟਮਿੰਸਟਰ ਹਾਲ ਵਿਚ ਰੱਖੇ ਗਏ ਉਸ ਦੇ ਤਾਬੂਤ ਦੀ ਅੰਤਿਮ ਝਲਕ ਪਾਉਣ ਲਈ ਕਤਾਰਾਂ ਵਿਚ ਲੱਗੇ ਹੋਏ ਸਨ। ਸੋਮਵਾਰ ਨੂੰ ਉਸ ਦਾ ਸਸਕਾਰ ਕਰ ਦਿੱਤਾ ਗਿਆ।
ਇਹ ਕਤਾਰਾਂ ਟੇਮਜ਼ ਨਦੀ ਦੇ ਦੱਖਣੀ ਕੰਢੇ ਪਾਰਲੀਮੈਂਟ ਤੋਂ ਟਾਵਰ ਬ੍ਰਿਜ ਰਾਹੀਂ ਸਾਊਥਵਾਕ ਪਾਰਕ ਤੱਕ ਚੱਲੀਆਂ। ਬ੍ਰਿਟੇਨ ਦੀ ਸੰਸਕ੍ਰਿਤੀ ਮੰਤਰੀ ਮਿਸ਼ੇਲ ਡੋਨੇਲਨ ਨੇ ਦੱਸਿਆ ਕਿ 2.5 ਮਿਲੀਅਨ ਤੋਂ ਵੱਧ ਲੋਕ ਸੰਸਦ ਪਹੁੰਚੇ, ਪਰ ਇਹ ਅੰਦਾਜ਼ਨ ਅੰਕੜਾ ਹੈ ਅਤੇ ਸਰਕਾਰ ਅੰਤਿਮ ਅੰਕੜੇ 'ਤੇ ਕੰਮ ਕਰ ਰਹੀ ਹੈ।
ਵਿਭਾਗ ਨੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਮਰਹੂਮ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਕਮਿਊਨਿਟੀ ਗਰੁੱਪਾਂ, ਕਲੱਬਾਂ, ਹੋਰ ਸੰਸਥਾਵਾਂ ਤੋਂ ਇਲਾਵਾ ਘਰਾਂ ਵਿਚ ਆਮ ਲੋਕਾਂ ਨੂੰ ਐਤਵਾਰ ਰਾਤ 8 ਵਜੇ ਇਕ ਮਿੰਟ ਦਾ ਮੌਨ ਰੱਖਣ ਲਈ ਕਿਹਾ ਜਾ ਗਿਆ ਸੀ।