
ਵੀਜ਼ਾ ਦੇ ਹੋਲੋਗ੍ਰਾਮ ਅਤੇ ਹਾਈ ਕਲਾਸ ਪ੍ਰਿਟਿੰਗ ਮਸ਼ੀਨ ਅਤੇ ਵੱਖ-ਵੱਖ ਦੇਸ਼ਾਂ ਦੀਆਂ ਮੋਹਰਾਂ ਹੋਈਆਂ ਬਰਾਮਦ
ਨਵੀਂ ਦਿੱਲੀ- ਵਿਦੇਸ਼ ਜਾਣ ਦੇ ਨਾਂਅ ’ਤੇ ਲੋਕ ਠੱਗਾਂ ਦੀ ਭੇਟ ਚੜ੍ਹਦੇ ਜਾ ਰਹੇ ਹਨ। ਦਿੱਲੀ ਦੀ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਥਾਣੇ ਦੀ ਪੁਲਿਸ ਨੇ ਫ਼ਰਜ਼ੀ ਵੀਜ਼ਾ ਪਾਸਪੋਰਟ ਦੇ ਇਕ ਵੱਡੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਗਿਰੋਹ ਦਿੱਲੀ, ਹਰਿਆਣਾ ਅਤੇ ਪੰਜਾਬ ’ਚ ਸਥਿਤ ਆਪਣੇ ਸਾਥੀਆਂ ਨਾਲ ਮਿਲ ਕੇ ਫ਼ਰਜ਼ੀ ਵੀਜ਼ਾ ਅਤੇ ਹੋਰ ਦਸਤਾਵੇਜ਼ ਬਣਾਉਣ ’ਚ ਸ਼ਾਮਲ ਹਨ।
ਪੁਲਿਸ ਨੇ ਇਨ੍ਹਾਂ ਤੋਂ 12 ਭਾਰਤੀ ਪਾਸਪੋਰਟ, 7 ਨੇਪਾਲੀ ਪਾਸਪੋਰਟ, ਵੱਖ-ਵੱਖ ਦੇਸ਼ਾਂ ਦੇ 35 PR ਕਾਰਡ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 26 ਵੱਖ-ਵੱਖ ਦੇਸ਼ਾਂ ਦੇ ਵੀਜ਼ਾ, 2000 ਬਲੈਂਕ ਇੰਡੀਅਨ ਪਾਸਪੋਰਟ, ਵੱਖ-ਵੱਖ ਦੇਸ਼ਾਂ ਦੇ ਬਲੈਂਕ ਵੀਜ਼ਾ ਲੈਟਰ, 165 ਤੋਂ ਵੱਧ ਫ਼ਰਜ਼ੀ ਵੀਜ਼ਾ ਟਿਕਟਾਂ ਅਤੇ ਵੱਖ-ਵੱਖ ਦੇਸ਼ਾਂ ਦੇ ਫ਼ਰਜ਼ੀ ਵੀਜ਼ਾ ਸਟੈਂਪ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਕੋਲੋਂ 127 ਤਰ੍ਹਾਂ ਦੇ ਵੀਜ਼ਾ ਬਣਾਉਣ ਦੀ ਡਵਾਈਸ ਬਰਾਮਦ ਕੀਤੀ ਗਈ ਹੈ। ਵੀਜ਼ਾ ਦੇ ਹੋਲੋਗ੍ਰਾਮ ਅਤੇ ਹਾਈ ਕਲਾਸ ਪ੍ਰਿਟਿੰਗ ਮਸ਼ੀਨ ਅਤੇ ਵੱਖ-ਵੱਖ ਦੇਸ਼ਾਂ ਦੀਆਂ ਮੋਹਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਹਵਾਈ ਅੱਡਾ ਪੁਲਿਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਨੂਰ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਸੋਸ਼ਲ ਮੀਡੀਆ ਜ਼ਰੀਏ ਉਹ ਅਮਿਤ ਗੌੜ ਦੇ ਸੰਪਰਕ ’ਚ ਆਏ, ਜਿਸ ਨੇ ਆਸਟ੍ਰੇਲੀਆ ਦਾ ਸੈਲਾਨੀ ਵੀਜ਼ਾ ਮੁਹੱਈਆ ਕਰਵਾਉਣ ਦੀ ਗੱਲ ਆਖੀ। ਫ਼ਰਜ਼ੀ ਵੀਜ਼ਾ ਹੋਣ ਦੀ ਜਾਂਚ ਕਰਦੇ ਹੋਏ ਪੁਲਿਸ ਅਮਿਤ ਗੌੜ ਤੱਕ ਪਹੁੰਚੀ। ਉਸ ਤੋਂ ਪੁੱਛ-ਗਿੱਛ ਕੀਤੀ ਗਈ ਅਤੇ 3 ਹੋਰ ਦੋਸ਼ੀਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਨਿਤਿਨ ਨਾਂ ਦਾ ਦੋਸ਼ੀ ਫੜਿਆ ਗਿਆ ਹੈ ਅਤੇ ਦੋ ਦੋਸ਼ੀ ਫ਼ਰਾਰ ਹਨ।
ਪੁਲਿਸ ਨੇ ਇਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ, ਜੋ ਵੱਡਾ ਫ਼ਰਜ਼ੀ ਵੀਜ਼ਾ ਬਣਾਉਣ ਦਾ ਰੈਕਟ ਦਿੱਲੀ, ਹਰਿਆਣਾ ਅਤੇ ਪੰਜਾਬ ਸੂਬੇ ਤੋਂ ਚੱਲਦਾ ਸੀ।