
Maharashtra Elections : ਭਾਜਪਾ ਨੇ ਪਹਿਲੀ ਸੂਚੀ ਵਿਚ 71 ਵਿਧਾਇਕਾਂ ਨੂੰ ਬਰਕਰਾਰ ਰੱਖਿਆ
Maharashtra Elections : ਮੁੰਬਈ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਅੱਜ ਜਾਰੀ 99 ਉਮੀਦਵਾਰਾਂ ਦੀ ਪਹਿਲੀ ਸੂਚੀ ’ਚ 71 ਵਿਧਾਇਕਾਂ ਨੂੰ ਬਰਕਰਾਰ ਰੱਖਣ ਅਤੇ ਕੁੱਝ ਹਲਕਿਆਂ ’ਚ ਅਸਰਦਾਰ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਟਿਕਟ ਦੇਣ ਦਾ ਭਾਜਪਾ ਦਾ ਕਦਮ ਪਛਮੀ ਸੂਬੇ ’ਚ ਆਮ ਚੋਣਾਂ ’ਚ ਮਾੜੇ ਪ੍ਰਦਰਸ਼ਨ ਦੇ ਮੱਦੇਨਜ਼ਰ ਉਸ ਦੇ ਖਤਰੇ ਤੋਂ ਬਚਣ ਦੀ ਪਹਿਲ ਨੂੰ ਦਰਸਾਉਂਦਾ ਹੈ।
ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੀ ਬੇਟੀ ਸ਼੍ਰੀਜਯਾ ਚਵਾਨ 20 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਭਾਜਪਾ ਵਲੋਂ ਚੁਣੇ ਗਏ ਖੇਤਰੀ ਆਗੂਆਂ ਦੇ ਰਿਸ਼ਤੇਦਾਰਾਂ ਵਿਚੋਂ ਇਕ ਹੈ। ਅਸ਼ੋਕ ਚਵਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਸਨ। ਕਾਨੂੰਨ ਦੀ ਡਿਗਰੀ ਹਾਸਲ ਕਰਨ ਵਾਲੀ ਸ਼੍ਰੀਜਯਾ ਨਾਂਦੇੜ ਜ਼ਿਲ੍ਹੇ ’ਚ ਅਪਣੇ ਪਿਤਾ ਦੇ ਜੱਦੀ ਹਲਕੇ ਭੋਕਰ ਤੋਂ ਚੋਣ ਮੈਦਾਨ ’ਚ ਉਤਰੇਗੀ।
ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕੋਂਕਣ ਦੇ ਮਜ਼ਬੂਤ ਨੇਤਾ ਨਾਰਾਇਣ ਰਾਣੇ ਦੇ ਬੇਟੇ ਨਿਤੇਸ਼ ਰਾਣੇ ਨੂੰ ਸਿੰਧੂਦੁਰਗ ਜ਼ਿਲ੍ਹੇ ਦੀ ਕੰਕਾਵਲੀ ਸੀਟ ਤੋਂ ਦੁਬਾਰਾ ਉਮੀਦਵਾਰ ਬਣਾਇਆ ਹੈ। ਇਕ ਹੋਰ ਸਿਆਸੀ ਵੰਸ਼ਵਾਦੀ ਨੇਤਾ ਜਿਸ ਨੂੰ ਟਿਕਟ ਮਿਲੀ ਹੈ, ਉਹ ਭਾਜਪਾ ਦੇ ਰਾਜ ਸਭਾ ਮੈਂਬਰ ਧਨੰਜੇ ਮਹਾਦਿਕ ਦੇ ਛੋਟੇ ਭਰਾ ਅਮਲ ਮਹਾਦਿਕ ਹਨ। ਉਹ 2014 ’ਚ ਜਿੱਤੀ ਕੋਲਹਾਪੁਰ ਦਖਣੀ ਵਿਧਾਨ ਸਭਾ ਸੀਟ ਨੂੰ ਦੁਬਾਰਾ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ।
ਭਾਜਪਾ ਨੇ ਜਾਲਨਾ ਜ਼ਿਲ੍ਹੇ ਦੇ ਭੋਕਰਦਾਨ ਹਲਕੇ ਤੋਂ ਮੌਜੂਦਾ ਵਿਧਾਇਕ ਅਤੇ ਸਾਬਕਾ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਦੇ ਬੇਟੇ ਦੀ ਉਮੀਦਵਾਰੀ ਨੂੰ ਵੀ ਅੰਤਿਮ ਰੂਪ ਦੇ ਦਿਤਾ ਹੈ। ਭਾਜਪਾ ਦੇ ਸਾਬਕਾ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਪਾਟਿਲ ਨਿਲੰਗੇਕਰ ਦੇ ਪੋਤੇ ਸੰਭਾਜੀ ਪਾਟਿਲ ਨਿਲੰਗੇਕਰ ਨੂੰ ਲਾਤੂਰ ਜ਼ਿਲ੍ਹੇ ਦੇ ਨਿਲੰਗਾ ਹਲਕੇ ਤੋਂ ਦੁਬਾਰਾ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਪ੍ਰਮੁੱਖ ਸਿਆਸਤਦਾਨਾਂ ਨਾਲ ਸਬੰਧਤ ਹੋਰ ਉਮੀਦਵਾਰਾਂ ’ਚ ਸੀਨੀਅਰ ਸਿਆਸਤਦਾਨ ਪਦਮਸਿੰਘ ਪਾਟਿਲ ਦੇ ਬੇਟੇ ਰਾਣਾ ਜਗਜੀਤ ਸਿੰਘ ਪਾਟਿਲ ਸ਼ਾਮਲ ਹਨ, ਜੋ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਕਰੀਬੀ ਹਨ। ਰਾਣਾ ਦੀ ਪਤਨੀ ਅਰਚਨਾ ਪਾਟਿਲ ਨੇ ਐਨ.ਸੀ.ਪੀ. ਉਮੀਦਵਾਰ ਵਜੋਂ ਧਾਰਾਸ਼ਿਵ ਤੋਂ ਲੋਕ ਸਭਾ ਚੋਣਾਂ ਲੜੀਆਂ ਸਨ।
ਸਿਧਾਰਥ ਸ਼ਿਰੋਲੇ ਨੂੰ ਪੁਣੇ ਦੇ ਸ਼ਿਵਾਜੀਨਗਰ ਹਲਕੇ ਤੋਂ ਦੁਬਾਰਾ ਟਿਕਟ ਦਿਤੀ ਗਈ ਹੈ। ਉਹ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਨਿਲ ਸ਼ਿਰੋਲੇ ਦਾ ਬੇਟਾ ਹੈ। ਚਿੰਚਵਾੜ ਤੋਂ ਮੌਜੂਦਾ ਵਿਧਾਇਕ ਅਸ਼ਵਨੀ ਜਗਤਾਪ ਦੀ ਥਾਂ ਉਨ੍ਹਾਂ ਦੇ ਜੀਜਾ ਸ਼ੰਕਰ ਜਗਤਾਪ ਨੂੰ ਟਿਕਟ ਦਿਤੀ ਗਈ ਹੈ।
ਮੁੰਬਈ ’ਚ ਭਾਜਪਾ ਨੇ ਅਪਣੀ ਸ਼ਹਿਰੀ ਇਕਾਈ ਦੇ ਪ੍ਰਧਾਨ ਆਸ਼ੀਸ਼ ਸ਼ੇਲਾਰ ਨੂੰ ਬਾਂਦਰਾ ਪਛਮੀ ਵਿਧਾਨ ਸਭਾ ਸੀਟ ਤੋਂ ਤੀਜੀ ਵਾਰ ਚੋਣ ਮੈਦਾਨ ’ਚ ਉਤਾਰਿਆ ਹੈ, ਜਦਕਿ ਉਨ੍ਹਾਂ ਦੇ ਭਰਾ ਵਿਨੋਦ ਸ਼ੇਲਾਰ ਮਲਾਡ ਪਛਮੀ ਸੀਟ ਤੋਂ ਚੋਣ ਲੜਨਗੇ। ਜੇ ਵਿਨੋਦ ਨੂੰ ਦੁਬਾਰਾ ਟਿਕਟ ਦਿਤੀ ਜਾਂਦੀ ਹੈ ਤਾਂ ਮੌਜੂਦਾ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਅਸਲਮ ਸ਼ੇਖ ਦਾ ਸਾਹਮਣਾ ਕਰਨ ਦੀ ਸੰਭਾਵਨਾ ਹੈ।
ਭਾਜਪਾ ਨੇ ਪਹਿਲੀ ਸੂਚੀ ਵਿਚ 71 ਵਿਧਾਇਕਾਂ ਨੂੰ ਬਰਕਰਾਰ ਰੱਖਿਆ ਹੈ, ਜਿਨ੍ਹਾਂ ਵਿਚ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਪ੍ਰਦੇਸ਼ ਭਾਜਪਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ, ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ, ਮੰਤਰੀ ਗਿਰੀਸ਼ ਮਹਾਜਨ, ਸੁਧੀਰ ਮੁੰਗਤੀਵਾਰ ਅਤੇ ਚੰਦਰਕਾਂਤ ਪਾਟਿਲ ਵਰਗੇ ਪ੍ਰਮੁੱਖ ਚਿਹਰੇ ਸ਼ਾਮਲ ਹਨ।
ਇਸ ਸਾਲ ਲੋਕ ਸਭਾ ਚੋਣਾਂ ’ਚ ਮਹਾਰਾਸ਼ਟਰ ’ਚ ਭਾਜਪਾ ਮਹਾ ਵਿਕਾਸ ਅਘਾੜੀ ਦੇ ਉਮੀਦਵਾਰਾਂ ਨਾਲ ਮੁਕਾਬਲਾ ਕਰਦੇ ਹੋਏ ਕਈ ਕਾਰਨਾਂ ਕਰ ਕੇ 23 ਤੋਂ 9 ’ਤੇ ਆ ਗਈ ਸੀ। 2019 ’ਚ ਭਾਜਪਾ ਨੇ ਅਪਣੀ ਸਹਿਯੋਗੀ ਸ਼ਿਵ ਸੈਨਾ (ਅਣਵੰਡੀ) ਨਾਲ ਗਠਜੋੜ ’ਚ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ 164 ਸੀਟਾਂ ’ਤੇ ਅਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਭਾਜਪਾ ਨੇ 105 ਸੀਟਾਂ ਜਿੱਤੀਆਂ ਸਨ। 288 ਮੈਂਬਰੀ ਵਿਧਾਨ ਸਭਾ ਲਈ ਚੋਣਾਂ 20 ਨਵੰਬਰ ਨੂੰ ਹੋਣਗੀਆਂ। ਭਾਜਪਾ ਰਾਜ ’ਚ ਲਗਭਗ 150 ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ। ਇਹ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਐਨ.ਸੀ.ਪੀ. ਨਾਲ ਸਖਤ ਸੌਦੇਬਾਜ਼ੀ ’ਚ ਲੱਗੀ ਹੋਈ ਹੈ।