
ਸੋਧ ਬਿੱਲ ਨੂੰ ਸੰਸਦ ਦੀ ਪ੍ਰਵਾਨਗੀ, ਕਾਂਗਰਸ ਸਮੇਤ ਵਿਰੋਧੀ ਧਿਰਾਂ ਔਖੀਆਂ
ਨਵੀਂ ਦਿੱਲੀ : ਰਾਜ ਸਭਾ ਨੇ ਜਲਿਆਂਵਾਲਾ ਬਾਗ਼ ਕੌਮੀ ਯਾਦਗਾਰ ਸੋਧ ਬਿੱਲ 2019 ਨੂੰ ਪ੍ਰਵਾਨਗੀ ਦੇ ਦਿਤੀ। ਲੋਕ ਸਭਾ ਵਿਚ ਇਹ ਬਿੱਲ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਸੈਰ ਸਪਾਟਾ ਅਤੇ ਸਭਿਆਚਾਰ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਇਸ ਬਿੱਲ 'ਤੇ ਰਾਜ ਸਭਾ ਵਿਚ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਕਿ ਕਾਂਗਰਸ ਨੇ ਕਦੇ ਵੀ ਟਰੱਸਟ ਦੇ ਕੰਮਕਾਜ ਪ੍ਰਤੀ ਗੰਭੀਰਤਾ ਨਹੀਂ ਵਿਖਾਈ।
Saifuddin Kitchlew
ਉਨ੍ਹਾਂ ਕਿਹਾ ਕਿ 1951 ਵਿਚ ਟਰੱਸਟ ਦੀ ਸਥਾਪਨਾ ਦੇ ਸਮੇਂ ਜਵਾਹਰ ਲਾਲ ਨਹਿਰੂ, ਸੈਫ਼ੂਦੀਨ ਕਿਚਲੂ ਅਤੇ ਮੌਲਾਨਾ ਆਜ਼ਾਦ ਇਸ ਦੇ ਪੱਕੇ ਟਰੱਸਟੀ ਸਨ ਅਤੇ ਉਨ੍ਹਾਂ ਦੇ ਦਿਹਾਂਤ ਮਗਰੋਂ ਕਈ ਸਾਲ ਬਾਅਦ ਵੀ ਕਾਂਗਰਸ ਦੀਆਂ ਵੇਲੇ ਦੀਆਂ ਸਰਕਾਰਾਂ ਨੇ ਪੱਕੇ ਟਰੱਸਟੀਆਂ ਦੇ ਅਹੁਦੇ ਭਰਨ ਦਾ ਯਤਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਨਾਮਜ਼ਦ ਮੈਂਬਰਾਂ ਵਿਚ ਸ਼ਹੀਦਾਂ ਦੇ ਵਾਰਸਾਂ ਨੂੰ ਸ਼ਾਮਲ ਕਰਨ ਦੇ ਉਪਾਅ ਕੀਤੇ ਜਾਣਗੇ।
Pratap Singh Bajwa
ਇਸ ਤੋਂ ਪਹਿਲਾਂ, ਕਾਂਗਰਸ ਸਮੇਤ ਵੱਖ ਵੱਖ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਲਿਆਂਵਾਲਾ ਬਾਗ਼ ਟਰੱਸਟ ਤੋਂ ਕਾਂਗਰਸ ਪ੍ਰਧਾਨ ਨੂੰ ਪੱਕਾ ਮੈਂਬਰ ਬਣਾਉਣ ਦੇ ਪੁਰਾਣੇ ਪ੍ਰਾਵਧਾਨ ਨੂੰ ਖ਼ਤਮ ਕਰਨ ਦੇ ਕਾਨੂੰਨੀ ਮਤੇ ਨੂੰ ਵਾਪਸ ਲਿਆ ਜਾਵੇ। ਰਾਜ ਸਭਾ ਵਿਚ ਜਲਿਆਂਵਾਲਾ ਬਾਗ਼ ਕੌਮੀ ਯਾਦਗਾਰ ਸੋਧ ਬਿੱਲ 2019 'ਤੇ ਚਰਚਾ ਦੌਰਾਨ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਜਲਿਆਂਵਾਲਾ ਬਾਗ਼ ਨਾਲ ਕਾਂਗਰਸ ਦੇ ਜਜ਼ਬਾਤੀ ਲਗਾਅ ਨੂੰ ਇਤਿਹਾਸ ਦਾ ਸੱਚ ਦਸਦਿਆਂ ਕਿਹਾ ਕਿ 13 ਅਪ੍ਰੈਲ 1919 ਨੂੰ ਵਾਪਰੇ ਹਤਿਆ ਕਾਂਡ ਮਗਰੋਂ ਕਾਂਗਰਸ ਦੀ ਪਹਿਲ 'ਤੇ ਜਲਿਆਂਵਾਲਾ ਬਾਗ਼ ਟਰੱਸਟ ਦਾ ਗਠਨ ਕੀਤਾ ਗਿਆ ਸੀ।
ਉਦੋਂ ਟਰੱਸਟ ਵਿਚ ਕਾਂਗਰਸ ਪ੍ਰਧਾਨ ਨੂੰ ਸਥਾਈ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਬਾਜਵਾ ਨੇ ਕਿਹਾ, 'ਇਸ ਥਾਂ ਨਾਲ ਸਾਡਾ ਜਜ਼ਬਾਤੀ ਰਿਸ਼ਤਾ ਹੈ, ਸਰਕਾਰ ਨੂੰ ਵੱਡਾ ਦਿਲ ਵਿਖਾਉਂਦਿਆਂ ਟਰੱਸਟ ਤੋਂ ਕਾਂਗਰਸ ਪ੍ਰਧਾਨ ਨੂੰ ਨਹੀਂ ਹਟਾਉਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਟਰੱਸਟ ਤੋਂ ਕਿਸੇ ਟਰੱਸਟੀ ਨੂੰ ਹਟਾਉਣ ਦਾ ਅਧਿਕਾਰ ਸਰਕਾਰ ਨੂੰ ਦੇਣ ਦਾ ਪ੍ਰਾਵਧਾਨ ਵੀ ਠੀਕ ਨਹੀਂ।
Prahlad Singh Patel
ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਇਹ ਬਿੱਲ ਚਰਚਾ ਲਈ ਸਦਨ ਵਿਚ ਪੇਸ਼ ਕੀਤਾ। ਬੀਜੇਡੀ ਦੇ ਪ੍ਰਸੰਨ ਆਚਾਰਿਆ ਅਤੇ ਤ੍ਰਿਣਮੂਲ ਕਾਂਗਰਸ ਦੇ ਸੁਖੇਨਦੂ ਸ਼ੇਖ਼ਰ ਰਾਏ ਨੇ ਸਰਕਾਰ ਦੁਆਰਾ ਕਾਂਗਰਸ ਪ੍ਰਧਾਨ ਨੂੰ ਟਰੱਸਟ ਤੋਂ ਹਟਾਉਣ ਦਾ ਸੋਧ ਬਿੱਲ ਵਾਪਸ ਲੈਣ ਦਾ ਸੁਝਾਅ ਦਿਤਾ। ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ ਨੇ ਵੀ ਟਰੱਸਟ ਵਿਚੋਂ ਕਿਸੇ ਨੂੰ ਹਟਾਉਣ ਦੀ ਬਜਾਏ ਇਸ ਇਤਿਹਾਸਕ ਸਥਾਨ ਨੂੰ ਯਾਦਗਾਰ ਬਣਾਉਣ, ਸ਼ਹੀਦਾਂ ਦੇ ਵਾਰਸਾਂ ਨੂੰ ਟਰੱਸਟ ਵਿਚ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਢੁਕਵੀਆਂ ਸਹੂਲਤਾਂ ਦੇਣ ਵਲ ਧਿਆਨ ਦੇਣ ਦਾ ਸੁਝਾਅ ਦਿਤਾ। ਵਿਰੋਧੀ ਧਿਰ ਦੇ ਆਗੂਆਂ ਨੂੰ ਸੰਸਦ ਭਵਨ ਅਤੇ ਜਲਿਆਂਵਾਲਾ ਬਾਗ਼ ਵਿਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਾਉਣ ਅਤੇ ਉਨ੍ਹਾਂ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ।
ਕੀ ਹੈ ਬਿੱਲ
ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਨੇ ਦਸਿਆ ਕਿ ਇਹ ਸੋਧ ਟਰੱਸਟ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਜਾਂ ਦੂਜੀ ਸੱਭ ਤੋਂ ਵੱਡੀ ਪਾਰਟੀ ਦੇ ਆਗੂ ਨੂੰ ਸ਼ਾਮਲ ਕਰਨ, ਕਾਂਗਰਸ ਪ੍ਰਧਾਨ ਨੂੰ ਸਥਾਈ ਮੈਂਬਰਾਂ ਦੇ ਅਹੁਦੇ ਤੋਂ ਹਟਾਉਣ ਅਤੇ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਕਿਸੇ ਵੀ ਟਰੱਸਟੀ ਨੂੰ ਮੁਅੱਤਲ ਕਰਨ ਦਾ ਸਰਕਾਰ ਨੂੰ ਅਧਿਕਾਰ ਦੇਣ ਨਾਲ ਸਬੰਧਤ ਹੈ।