
ਬਰਤਾਨਵੀ ਸਰਕਾਰ ਉੱਤੇ ਦਬਾਅ ਪਾਉਣ ਤੋਂ ਅਸਫ਼ਲ ਰਹੇ ਨਰਿੰਦਰ ਮੋਦੀ
ਚੰਡੀਗੜ੍ਹ : ਇੰਗਲੈਂਡ ਦੀ ਸੰਸਦ ਨੇ ਮਾਨਵੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਬਣਾਉਣ ਦਾ ਇੱਕ ਇਤਿਹਾਸਕ ਮੌਕਾ ਗੁਆ ਲਿਆ ਹੈ। ਹਾਲਾਂਕਿ ਜਲਿਆਂਵਾਲਾ ਬਾਗ਼ ਗੋਲੀ ਕਾਂਡ ਦੇ ਦੁਖਾਂਤ ਉੱਤੇ ਇਕ ਨਾ ਇਕ ਦਿਨ ਬਰਤਾਨਵੀ ਸੰਸਦ ਨੂੰ ਮਾਫ਼ੀ ਜ਼ਰੂਰ ਮੰਗਣੀ ਪਵੇਗੀ, ਕਿਉਂਕਿ ਉਦੋਂ ਤੱਕ ਜ਼ੁਲਮ ਦੇ ਜ਼ਖ਼ਮ ਨਹੀਂ ਸੁੱਕ ਸਕਦੇ ਜਦ ਤੱਕ ਅੰਗਰੇਜ਼ ਸਰਕਾਰ ਇਸ ਜ਼ੁਲਮ ਉੱਤੇ ਮਾਫ਼ੀ ਨਹੀਂ ਮੰਗ ਲੈਂਦੀ। ਇਹ ਮੰਗ ਪੰਜਾਬ ਸਮੇਤ ਪੂਰੀ ਦੁਨੀਆਂ ਵਿੱਚੋਂ ਉੱਠਦੀ ਹੀ ਰਹਿਣੀ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ।
Theresa May
ਮਾਨ ਨੇ ਬਰਤਾਨਵੀ ਸੰਸਦ ਵੱਲੋਂ ਜਲਿਆਂਵਾਲਾ ਬਾਗ਼ ਗੋਲੀਕਾਂਡ ਦੀ 100ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਉਸ ਅਣਮਨੁੱਖੀ ਅੱਤਿਆਚਾਰ ਉੱਤੇ ਸਪਸ਼ਟ ਮਾਫ਼ੀ ਮੰਗਣ ਦੀ ਥਾਂ ਸਿਰਫ਼ ਅਫ਼ਸੋਸ ਪ੍ਰਗਟ ਕਰਨ ਨੂੰ ਨਾਕਾਫ਼ੀ ਕਰਾਰ ਦਿੱਤਾ ਹੈ। ਨਾਲ ਹੀ ਕੇਂਦਰ ਦੀ ਸਰਕਾਰ ਉੱਤੇ ਉਂਗਲ ਚੁੱਕਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਇਤਿਹਾਸਕ ਦੁਖਾਂਤ ਬਾਰੇ ਬਰਤਾਨਵੀ ਸੰਸਦ ਉੱਤੇ ਭਾਰਤ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੂਟਨੀਤਕ ਦਬਾਅ ਬਣਾਉਂਦੇ ਤਾਂ ਫ਼ਿਰੰਗੀਆਂ ਦੀ ਸੰਸਦ ਝੁੱਕ ਸਕਦੀ ਸੀ।
Jallianwala Bagh
ਮਾਨ ਨੇ ਕਿਹਾ ਕਿ ਬਰਤਾਨਵੀ ਸੰਸਦ ਵੱਲੋਂ ਅਪਣਾਏ ਗਏ ਟਾਲਾ ਵੱਟ ਰਵੱਈਏ ਨੇ ਸਾਬਤ ਕਰ ਦਿੱਤਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਸਿੱਕਾ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਖੋਟਾ ਹੀ ਨਿਕਲਦਾ ਹੈ। ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੰਤਰਰਾਸ਼ਟਰੀ ਪੱਧਰ ਉੱਤੇ ਸੱਚਮੁੱਚ ਉਨ੍ਹਾਂ ਅਸਰ ਰਸੂਖ਼ ਹੁੰਦਾ, ਜਿਨ੍ਹਾਂ ਭਾਰਤੀ ਟੀ.ਵੀ., ਮੀਡੀਆ ਤੇ ਭਾਜਪਾ ਦੇ ਪ੍ਰਸੰਸਕ ਦੱਸਦੇ ਹਨ ਤਾਂ ਬਰਤਾਨਵੀ ਸਰਕਾਰ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਜ਼ਰੂਰ ਝੁਕ ਜਾਂਦੀ ਅਤੇ ਨਿਮਰਤਾ ਸਹਿਤ ਮਾਫ਼ੀ ਮੰਗ ਲੈਂਦੀ।
Jallianwala Bagh
ਭਗਵੰਤ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਜੇ ਇਸ ਦੁਖਾਂਤ ਦੇ 100ਵੀਂ ਵਰ੍ਹੇਗੰਢ ਉੱਤੇ ਬਰਤਾਨੀਆ ਸਰਕਾਰ ਤੋਂ ਮਾਫ਼ੀ ਮੰਗਵਾ ਦਿੰਦੀ ਤਾਂ ਇਹ ਵੱਡੀ ਗੱਲ ਹੋਣੀ ਸੀ ਅਤੇ ਆਮ ਆਦਮੀ ਪਾਰਟੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਕਾ ਖੁੰਝਾ ਦਿੱਤਾ ਅਤੇ ਖੋਟਾ ਸਿੱਕਾ ਸਾਬਤ ਹੋਏ ਹਨ।