
ਗ੍ਰਹਿ ਮੰਤਰੀ ਅਨਿਲ ਵਿਜ ਨੇ ਖੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ
ਅੰਬਾਲਾ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੀ ਸਰਕਾਰੀ ਗੱਡੀ ਮਰਸੀਡੀਜ਼ ਬੈਂਜ਼ ਈ 200 ਦਾ ਸ਼ੋਕਰ ਅਚਾਨਕ ਟੁੱਟ ਗਿਆ। ਜਿਸ ਕਾਰਨ ਕਾਰ ਅਚਾਨਕ ਹੇਠਾਂ ਬੈਠ ਗਈ। ਕਮਾਲ ਦੀ ਗੱਲ ਹੈ ਕਿ ਜਦੋਂ ਡਰਾਈਵਰ ਨੇ ਆਵਾਜ਼ ਸੁਣੀ ਤਾਂ ਉਸ ਨੇ ਰਫ਼ਤਾਰ ਘਟਾ ਦਿੱਤੀ। ਹਾਦਸੇ 'ਚ ਗ੍ਰਹਿ ਮੰਤਰੀ ਅਨਿਲ ਵਿਜ ਵਾਲ-ਵਾਲ ਬਚ ਗਏ। ਘਟਨਾ ਐਤਵਾਰ ਦੀ ਹੈ।
ਸੋਮਵਾਰ ਰਾਤ ਨੂੰ ਗ੍ਰਹਿ ਮੰਤਰੀ ਅਨਿਲ ਵਿਜ ਨੇ ਖੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਇਸ ਹਾਦਸੇ 'ਚ ਚਮਤਕਾਰੀ ਢੰਗ ਨਾਲ ਬਚ ਗਏ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਭਾਜਪਾ ਦੀ ਜਥੇਬੰਦਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਗ੍ਰਹਿ ਮੰਤਰੀ ਨੇ ਟਵੀਟ ਕੀਤਾ ਕਿ ਹਾਦਸਾ ਗੁਰੂਗ੍ਰਾਮ ਦੇ ਕੇਐਮਪੀ ਹਾਈਵੇਅ 'ਤੇ ਵਾਪਰਿਆ। ਗ੍ਰਹਿ ਮੰਤਰੀ ਅਨਿਲ ਵਿਜ ਗੁਰੂਗ੍ਰਾਮ ਤੋਂ ਅੰਬਾਲਾ ਪਰਤ ਰਹੇ ਸਨ। ਜਾਣਕਾਰੀ ਮੁਤਾਬਕ ਘਟਨਾ ਐਤਵਾਰ ਸ਼ਾਮ ਨੂੰ ਗੁਰੂਗ੍ਰਾਮ 'ਚ ਪਾਰਟੀ ਦੀ ਮੀਟਿੰਗ ਤੋਂ ਵਾਪਸ ਪਰਤਦੇ ਸਮੇਂ ਵਾਪਰੀ। ਕਾਰ ਦੀ ਰਫ਼ਤਾਰ ਘੱਟ ਹੋਣ ਕਾਰਨ ਬਚਾਅ ਹੋ ਗਿਆ।
ਹਾਦਸੇ ਵਿੱਚ ਗੱਡੀ ਦੇ ਨੁਕਸਾਨੇ ਜਾਣ ਤੋਂ ਤੁਰੰਤ ਬਾਅਦ ਸੁਰੱਖਿਆ ਮੁਲਾਜ਼ਮ ਤੁਰੰਤ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਕਿਸੇ ਹੋਰ ਗੱਡੀ ਵਿੱਚ ਹਰਿਆਣਾ ਭਵਨ ਲੈ ਗਏ। ਇਸ ਤੋਂ ਬਾਅਦ ਗ੍ਰਹਿ ਮੰਤਰੀ ਇੱਥੋਂ ਸੁਰੱਖਿਅਤ ਅੰਬਾਲਾ ਕੈਂਟ ਪਹੁੰਚ ਗਏ।
ਗ੍ਰਹਿ ਮੰਤਰੀ ਅਨਿਲ ਵਿੱਜ ਦੀ ਕਾਰ ਦਾ ਅਗਲਾ ਸ਼ੋਕਰ ਦੋ ਹਿੱਸਿਆਂ ਵਿੱਚ ਟੁੱਟ ਗਿਆ। ਦੱਸ ਦੇਈਏ ਕਿ ਮੰਤਰੀ 13 ਮਾਰਚ 2021 ਨੂੰ ਵੀ ਇਸੇ ਹਾਦਸੇ ਦਾ ਸ਼ਿਕਾਰ ਹੋਏ ਸਨ। ਇਹ ਹਾਦਸਾ ਦਿੱਲੀ ਦੇ ਏਮਜ਼ ਹਸਪਤਾਲ ਨੇੜੇ ਵਾਪਰਿਆ। ਉਸ ਸਮੇਂ ਮੰਤਰੀ ਵਿਜ ਚੈਕਅੱਪ ਲਈ ਏਮਜ਼ ਗਏ ਹੋਏ ਸਨ।