
ਕਿਹਾ- ਮਾਂ ਅਤੇ ਵਿਧਾਇਕੀ ਦੋਵੇਂ ਭੂਮਿਕਾਵਾਂ ਅਹਿਮ ਹਨ
ਨਾਗਪੁਰ:ਮਹਾਰਾਸ਼ਟਰ ਦੇ ਨਾਗਪੁਰ ਵਿਚ ਨੈਸ਼ਨਲ ਕਾਂਗਰਸ ਪਾਰਟੀ (ਐੱਨ.ਸੀ.ਪੀ.) ਵਿਧਾਇਕਾ ਸਰੋਜ ਬਾਬੂਲਾਲ ਅਹਿਰੇ (ਸਰੋਜ ਅਹਿਰੇ) ਨੇ ਸਰਦ ਰੁੱਤ ਇਜਲਾਸ ਦੌਰਾਨ ਸਾਰਿਆਂ ਨੂੰ ਚੌਕਾ ਦਿੱਤਾ। ਅਸਲ ਵਿਚ ਵਿਧਾਇਕਾ ਆਪਣੇ ਢਾਈ ਮਹੀਨਿਆਂ ਦੇ ਬੇਟੇ ਨੂੰ ਗੋਦ ਵਿੱਚ ਲੈ ਕੇ ਸਦਨ ਦੀ ਕਾਰਵਾਈ ਵਿਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਇੱਕ ਮਾਂ ਹਨ ਅਤੇ ਵਿਧਾਇਕਾ ਵੀ ਹਾਂ ਪਰ ਮੇਰੀ ਨਜ਼ਰ ਵਿਚ ਮਾਂ ਅਤੇ ਵਿਧਾਇਕੀ ਦੋਵੇਂ ਹੀ ਭੂਮਿਕਾਵਾਂ ਅਹਿਮ ਹਨ। ਇਸ ਲਈ ਹੀ ਮੈਂ ਆਪਣੇ ਨੰਨ੍ਹੇ ਬੱਚੇ ਨਾਲ ਵਿਧਾਨ ਸਭਾ ਦੀ ਕਾਰਵਾਈ ਵਿਚ ਸ਼ਾਮਲ ਹੋਈ ਹਾਂ।
ਅੱਗੇ ਗਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਇੱਕ ਮਾਂ ਹਾਂ ਪਰ ਅੱਜ ਮੈਂ ਆਪਣੇ ਵੋਟਰਾਂ ਵਲੋਂ ਕੀਤੇ ਜਾਂਦੇ ਸਵਾਲਾਂ ਦੇ ਜਵਾਬ ਲੈਣ ਲਈ ਵਿਧਾਨ ਸਭਾ ਵਿਚ ਆਈ ਹਾਂ। ਦੱਸਣਯੋਗ ਹੈ ਕਿ ਸਰੋਜ ਅਹਿਰੇ 30 ਸਤੰਬਰ ਨੂੰ ਹੀ ਮਾਂ ਬਣੇ ਸਨ। ਉਨ੍ਹਾਂ ਕਿਹਾ ਕਿ ਮੇਰਾ ਬੱਚਾ ਬਹੁਤ ਛੋਟਾ ਹੈ ਤੇ ਮੇਰੇ ਬਗ਼ੈਰ ਰਹਿ ਨਹੀਂ ਸਕਦਾ ਇਸ ਲਈ ਮੈਨੂੰ ਬੱਚੇ ਨਾਲ ਹੀ ਵਿਧਾਨ ਸਭਾ ਵਿਚ ਆਉਣਾ ਪਿਆ। ਅੱਗੇ ਬੋਲਦਿਆਂ ਸਰੋਜ ਅਹਿਰੇ ਨੇ ਕਿਹਾ ਕਿ ਪਿਛਲੇ ਕਰੀਬ ਢਾਈ ਸਾਲਾਂ ਤੋਂ ਕੋਰੋਨਾ ਕਾਰਨ ਨਾਗਪੁਰ ਵਿਚ ਕੋਈ ਵੀ ਇਜਲਾਸ ਨਹੀਂ ਹੋਇਆ ਇਸ ਲਈ ਵੋਟਰਾਂ ਦੇ ਕਈ ਸਵਾਲ ਲਟਕ ਰਹੇ ਹਨ ਅਤੇ ਉਨ੍ਹਾਂ ਦੇ ਜਵਾਬ ਲੈਣ ਲਈ ਹੀ ਇਸ ਕਾਰਵਾਈ ਵਿਚ ਸ਼ਾਮਲ ਹੋਈ ਹਾਂ।
ਸਰੋਜ ਅਹਿਰੇ ਨੇ ਕਿਹਾ ਹੈ ਕਿ ਉਹ ਆਪਣੇ ਬੱਚੇ ਨੂੰ ਰੋਜ਼ਾਨਾ ਸਦਨ ਵਿਚ ਲਿਆਉਣਾ ਚਾਹੁੰਦੇ ਹਨ ਤਾਂ ਕਿ ਕੰਮ ਦੇ ਨਾਲ-ਨਾਲ ਆਪਣੇ ਬੱਚੇ ਦਾ ਖਿਆਲ ਵੀ ਰੱਖ ਸਕਣ। ਉਨ੍ਹਾਂ ਕਿਹਾ ਕਿ ਹਾਲਾਂਕਿ ਸਦਨ 'ਚ ਮਹਿਲਾ ਵਿਧਾਇਕਾਂ ਲਈ ਕੋਈ ਵੀ ਫੀਡਿੰਗ ਰੂਮ ਵਰਗੀ ਸਹੂਲਤ ਨਹੀਂ ਹੈ। ਸਰੋਜ ਅਹਿਰੇ ਨੇ ਕਿਹਾ ਕਿ ਸਰਕਾਰ ਨੂੰ ਇਸ ਵਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਮਹਿਲਾ ਵਿਧਾਇਕਾ ਆਪਣੇ ਨਵਜਾਤ ਬੱਚਿਆਂ ਨੂੰ ਆਪਣੇ ਨਾਲ ਲਿਆ ਸਕਣ।
ਜ਼ਿਕਰਯੋਗ ਹੈ ਕਿ ਸਰੋਜ ਅਹਿਰੇ 2019 ਵਿਚ ਵਿਧਾਇਕਾ ਬਣੇ ਸਨ ਅਤੇ ਉਸ ਤੋਂ ਬਾਅਦ 2021 ਵਿਚ ਉਨ੍ਹਾਂ ਦਾ ਵਿਆਹ ਹੋਇਆ ਸੀ। ਨਾਸਿਕ ਤੋਂ ਡਿਯੋਲਾਲੀ ਚੋਂ ਹਲਕੇ ਤੋਂ ਵਿਧਾਇਕਾ ਸਰੋਜ ਨੇ ਸਮੇਂ ਸਿਰ ਸਦਨ ਪਹੁੰਚਣ ਲਈ ਆਪਣੇ ਪਰਿਵਾਰ ਨਾਲ 500 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।