
ਭਾਰਤ ਸਰਕਾਰ ਨੇ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਿਹਾ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਸ਼ੁਕਰਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਕੈਨੇਡਾ ਨੇ ਅਪਣੇ ‘ਗੰਭੀਰ ਦੋਸ਼ਾਂ’ ਦੇ ਸਮਰਥਨ ’ਚ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਸਰਕਾਰ ਨੇ ਇਹ ਜਾਣਕਾਰੀ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿਤੀ ਕਿ ਕੀ ਕੇਂਦਰ ਸਰਕਾਰ ਨੇ ਕੈਨੇਡਾ ਵਿਚ ਕਥਿਤ ਤੌਰ ’ਤੇ ਭਾਰਤੀ ਨਾਗਰਿਕਾਂ ਨਾਲ ਜੁੜੇ ਅਪਰਾਧਕ ਮਾਮਲਿਆਂ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਦਾ ਨੋਟਿਸ ਲਿਆ ਹੈ।
ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਕਿਹਾ, ‘‘ਇਸ ਤੋਂ ਇਲਾਵਾ ਇਸ ਮੁੱਦੇ ’ਤੇ ਉਨ੍ਹਾਂ (ਕੈਨੇਡਾ) ਦਾ ਜਨਤਕ ਬਿਆਨ ਭਾਰਤ ਵਿਰੋਧੀ ਵੱਖਵਾਦੀ ਏਜੰਡੇ ਨੂੰ ਉਤਸ਼ਾਹਤ ਕਰਦਾ ਜਾਪਦਾ ਹੈ।’’ ਉਨ੍ਹਾਂ ਕਿਹਾ, ‘‘ਇਸ ਤਰ੍ਹਾਂ ਦੇ ਵਿਚਾਰ-ਵਟਾਂਦਰੇ ਨੂੰ ਜਾਰੀ ਰਖਣਾ ਕਿਸੇ ਵੀ ਸਥਿਰ ਦੁਵਲੇ ਸਬੰਧਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਸਰਕਾਰ ਨੇ ਵਾਰ-ਵਾਰ ਕੈਨੇਡੀਅਨ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੀ ਧਰਤੀ ’ਤੇ ਸਰਗਰਮ ਭਾਰਤ ਵਿਰੋਧੀ ਅਨਸਰਾਂ ਵਿਰੁਧ ਕਾਰਵਾਈ ਕਰਨ।’’