
ਬੰਗਲੌਰ ਸੈਂਟਰਲ ਜੇਲ ਵਿਚ ਬੰਦ ਨੇਤਾ ਸ਼ਸ਼ੀਕਲਾ ਨੂੰ ਜੇਲ ਦੇ ਨਿਯਮ ਤੋੜ ਕੇ ਖ਼ਾਸ ਸਹੂਲਤਾਂ ਦਿਤੀਆਂ ਜਾ ਰਹੀਆਂ ਸਨ........
ਬੰਗਲੌਰ : ਬੰਗਲੌਰ ਸੈਂਟਰਲ ਜੇਲ ਵਿਚ ਬੰਦ ਨੇਤਾ ਸ਼ਸ਼ੀਕਲਾ ਨੂੰ ਜੇਲ ਦੇ ਨਿਯਮ ਤੋੜ ਕੇ ਖ਼ਾਸ ਸਹੂਲਤਾਂ ਦਿਤੀਆਂ ਜਾ ਰਹੀਆਂ ਸਨ। ਸਜ਼ਾਯਾਫ਼ਤਾ ਹੋਣ ਦੇ ਬਾਵਜੂਦ ਉਸ ਨੂੰ ਵਖਰਾ ਰਸੋਈਆ ਦਿਤਾ ਗਿਆ ਹੈ। ਇਹ ਗੱਲ ਆਰਟੀਆਈ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ਵਿਚ ਸਾਹਮਣੇ ਆਈ ਹੈ। ਪਿਛਲੇ ਹੀ ਸਾਲ ਡੀਆਈਜੀ ਜੇਲ ਡੀ ਰੂਪਾ ਨੇ ਵੀ ਦੋਸ਼ ਲਾਏ ਸਨ ਕਿ ਵੱਡੇ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਸ਼ਹਿ ਕਾਰਨ ਸ਼ਸ਼ੀਕਲਾ ਨੂੰ ਨਿਯਮਾਂ ਤੋਂ ਉਲਟ ਖ਼ਾਸ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ। ਡੀ ਰੂਪਾ ਨੇ ਤਦ ਅਸਿੱਧੇ ਤੌਰ 'ਤੇ ਡੀਜੀਪੀ ਸਤਿਆ ਨਾਰਾਇਣ ਵਿਰੁਧ ਦੋ ਕਰੋੜ ਰੁਪਏ ਲੈ ਕੇ ਸ਼ਸ਼ੀਕਲਾ ਨੂੰ ਸਹੂਲਤਾਂ ਦੇਣ ਦੀ ਗੱਲ ਕਹੀ ਸੀ।
ਉਸ ਨੇ ਅਪਣੀ ਰੀਪੋਰਟ ਵਿਚ ਲਿਖਿਆ ਸੀ ਕਿ ਸ਼ਸ਼ੀਕਲਾ ਨੂੰ ਨਾ ਸਿਰਫ਼ ਵਖਰੀ ਰਸੋਈ ਸਗੋਂ ਆਮ ਕਪੜੇ ਵੀ ਪਾਉਣ ਦੀ ਇਜਾਜ਼ਤ ਦਿਤੀ ਗਈ ਹੈ ਜੋ ਨਿਯਮਾਂ ਵਿਰੁਧ ਹੈ। ਤਾਜ਼ਾ ਦਸਤਾਵੇਜ਼ਾਂ ਵਿਚ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਡੀ ਰੂਪਾ ਦੇ ਦੋਸ਼ ਸਹੀ ਸਨ। ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿਚ ਸ਼ਸ਼ੀਕਲਾ ਜੇਲ ਵਿਚ ਬੰਦ ਹੈ।
ਉਹ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੀ ਬੇਹੱਦ ਕਰੀਬੀ ਸੀ। ਸੀਸੀਟੀਵੀ ਫ਼ੁਟੇਜ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਪੰਜ ਕਮਰੇ ਦਿਤੇ ਗਏ ਹਨ। ਮਹੀਨੇ ਵਿਚ ਦੋ ਵਾਰ ਦੀ ਥਾਂ ਉਸ ਨੂੰ ਕਈ ਵਾਰ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਹੈ। ਆਰਟੀਆਈ ਕਾਰਕੁਨ ਨਰਸਿਮ੍ਹਾ ਮੂਰਤੀ ਨੇ ਕਿਹਾ, 'ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਸ ਰੀਪੋਰਟ ਮੁਤਾਬਕ ਦੋਸ਼ੀਆਂ ਵਿਰੁਧ ਕਾਰਵਾਈ ਕਰੇ।' ਉਸ ਨੂੰ ਚਾਰ ਸਾਲ ਦੀ ਕੈਦ ਹੋਈ ਹੈ। (ਏਜੰਸੀ)