ਕਿਹਾ : ਭਾਰਤ ਆਉਣ ’ਤੇ ਘਰ ਵਾਪਸੀ ਵਰਗਾ ਮਹਿਸੂਸ ਹੋ ਰਿਹਾ ਹੈ
ਨਵੀਂ ਦਿੱਲੀ : ਭਾਰਤ ਦੌਰੇ ’ਤੇ ਆਈਂ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਮਰਹੂਮ ਕਲਪਨਾ ਚਾਵਲਾ ਦੀ 90 ਸਾਲਾ ਮਾਂ ਨਾਲ ਨਵੀਂ ਦਿੱਲੀ ’ਚ ਮੰਗਲਵਾਰ ਨੂੰ ਮੁਲਾਕਾਤ ਕੀਤੀ। ਦੋਵਾਂ ਨੇ ਇੱਕ ਦੂਜੇ ਨੂੰ ਗਲ ਲਗਾ ਕੇ ਸਵਾਗਤ ਕੀਤਾ ਅਤੇ ਇਨ੍ਹਾਂ ਪਲਾਂ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ।
ਭਾਰਤ ਵਿੱਚ ਜਨਮੀ ਅਮਰੀਕੀ ਪੁਲਾੜ ਯਾਤਰੀ ਕਲਪਨਾ ਚਾਵਲਾ ਉਨ੍ਹਾਂ ਸੱਤ ਕਰੂ ਮੈਂਬਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਦੀ ਮੌਤ ਫਰਵਰੀ 2003 ਵਿੱਚ ਪੁਲਾੜ ਸ਼ਟਲ ਕੋਲੰਬੀਆ ਦੇ ਹਾਦਸੇ ਵਿੱਚ ਹੋ ਗਈ ਸੀ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪੁਲਾੜ ਯਾਨ ਪ੍ਰਿਥਵੀ ਦੇ ਵਾਤਾਵਰਣ ਵਿੱਚ ਵਾਪਸ ਆਉਂਦੇ ਸਮੇਂ ਟੁੱਟ ਕੇ ਨਸ਼ਟ ਹੋ ਗਿਆ ਸੀ। ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ ਅਤੇ ਉਸ ਦੀ ਮੌਤ ’ਤੇ ਭਾਰਤ ਵਿੱਚ ਡੂੰਘਾ ਸੋਗ ਮਨਾਇਆ ਗਿਆ ਸੀ।
ਸੁਨੀਤਾ ਵਿਲੀਅਮਜ਼ ਨੇ ਮੰਗਲਵਾਰ ਨੂੰ ਦਿੱਲੀ ਵਿੱਚ 'ਅਮਰੀਕਨ ਸੈਂਟਰ' ਵਿੱਚ ਆਯੋਜਿਤ 'ਅੱਖਾਂ ਤਾਰਿਆਂ ’ਤੇ ਪੈਰ ਜ਼ਮੀਨ ’ਤੇ ਪ੍ਰੋਗਰਾਮ ’ਚ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਵਿਲੀਅਮਜ਼ ਮੰਚ ਤੋਂ ਉਤਰੀ ਅਤੇ ਪ੍ਰੋਗਰਾਮ ਵਿੱਚ ਪਹਿਲੀ ਕਤਾਰ ਵਿੱਚ ਬੈਠੀ ਮਰਹੂਮ ਕਲਪਨਾ ਚਾਵਲਾ ਦੀ ਮਾਂ ਸੰਯੋਗਿਤਾ ਚਾਵਲਾ ਵੱਲ ਵਧੀ ਅਤੇ ਉਨ੍ਹਾਂ ਨੂੰ ਗਰਮਜੋਸ਼ੀ ਨਾਲ ਗਲ ਲਗਾਇਆ।
ਦੋਵਾਂ ਦੀ ਮੁਲਾਕਾਤ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਅਤੇ ਵਿਲੀਅਮਜ਼ ਨੇ ਜਾਣ ਤੋਂ ਪਹਿਲਾਂ ਸੰਪਰਕ ਵਿੱਚ ਰਹਿਣ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਕਲਪਨਾ ਚਾਵਲਾ ਦੀ ਭੈਣ ਦੀਪਾ ਨਾਲ ਵੀ ਮੁਲਾਕਾਤ ਕੀਤੀ ਜੋ ਆਪਣੀ ਮਾਂ ਨਾਲ ਇਸ ਪ੍ਰੋਗਰਾਮ ਵਿੱਚ ਆਈ ਸੀ। ਸੁਨੀਤਾ ਵਿਲੀਅਮਜ਼ ਭਾਰਤ ਦੌਰੇ ’ਤੇ ਹਨ ਅਤੇ ਉਹ 22 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਕੇਰਲ ਸਾਹਿਤ ਮਹੋਤਸਵ ਦੇ ਨੌਵੇਂ ਭਾਗ ਵਿੱਚ ਹਿੱਸਾ ਲੈਣ ਵਾਲੀ ਹੈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਆਉਣ ਤੇ ਘਰ ਵਾਪਸੀ ਵਰਗਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਹ ਉਹ ਦੇਸ਼ ਹੈ ਜਿੱਥੇ ਉਨ੍ਹਾਂ ਦੇ ਪਿਤਾ ਦਾ ਜਨਮ ਹੋਇਆ ਸੀ।
ਕਲਪਨਾ ਚਾਵਲਾ ਦੀ ਮਾਂ ਨੇ ਕਿਹਾ ਕਿ ਕੋਲੰਬੀਆ ਹਾਦਸੇ ਤੋਂ ਬਾਅਦ "ਉਹ ਤਿੰਨ ਮਹੀਨੇ ਤੱਕ ਸਾਡੇ ਘਰ ਆਉਂਦੀ ਰਹੀ", ਨਿਯਮਤ ਤੌਰ ’ਤੇ ਸਵੇਰ ਤੋਂ ਰਾਤ ਤੱਕ ਰੁਕਦੀ ਸੀ ਅਤੇ "ਸੋਗ ਵਿੱਚ ਡੁੱਬੇ ਸਾਡੇ ਪਰਿਵਾਰ" ਨੂੰ ਦਿਲਾਸਾ ਦਿੰਦੀ ਸੀ। ਉਨ੍ਹਾਂ ਨੇ ਕਿਹਾ, "ਮੈਨੂੰ ਯਾਦ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਕਲਪਨਾ ਚਾਵਲਾ ਪੁਲਾੜ ਯਾਤਰੀ ਵਜੋਂ ਇੱਕ ਦੂਜੇ ਨੂੰ ਆਪਣੇ ਸਾਂਝੇ ਪੇਸ਼ੇ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਸਨ।
