
ਮੰਤਰਾਲਾ ਓਡੀਸ਼ਾ ਸਰਕਾਰ ਅਤੇ ਕੇ.ਆਈ.ਆਈ.ਟੀ. ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ
ਨਵੀਂ ਦਿੱਲੀ : ਸਰਕਾਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਓਡੀਸ਼ਾ ਦੇ ਇਕ ਇੰਸਟੀਚਿਊਟ ’ਚ ਨੇਪਾਲੀ ਵਿਦਿਆਰਥੀ ਦੀ ਹਾਲ ਹੀ ’ਚ ਹੋਈ ਮੌਤ ਤੋਂ ਬਹੁਤ ਦੁਖੀ ਹੈ ਅਤੇ ਕਿਹਾ ਕਿ ਉਹ ਦੇਸ਼ ’ਚ ਸਾਰੇ ਕੌਮਾਂਤਰੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ‘ਉੱਚ ਤਰਜੀਹ’ ਦਿੰਦੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਭੁਵਨੇਸ਼ਵਰ ਦੇ ਇਕ ਨਿੱਜੀ ਇੰਜੀਨੀਅਰਿੰਗ ਕਾਲਜ ਕੇ.ਆਈ.ਆਈ.ਟੀ. ਵਿਚ ਵਾਪਰੀ ਘਟਨਾ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੰਤਰਾਲਾ ਓਡੀਸ਼ਾ ਸਰਕਾਰ ਅਤੇ ਕੇ.ਆਈ.ਆਈ.ਟੀ. ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ।
ਉਨ੍ਹਾਂ ਕਿਹਾ, ‘‘ਅਸੀਂ ਨੇਪਾਲੀ ਅਧਿਕਾਰੀਆਂ ਨਾਲ ਵੀ ਨੇੜਲੇ ਸੰਪਰਕ ’ਚ ਹਾਂ। ਸਾਡੀ ਪਹਿਲ ਦੇ ਅਨੁਸਾਰ, ਓਡੀਸ਼ਾ ਸਰਕਾਰ ਦੇ ਨਾਲ-ਨਾਲ ਕੇਆਈਆਈ.ਟੀ. ਇੰਸਟੀਚਿਊਟ ਨੇ ਸਥਿਤੀ ਨਾਲ ਨਜਿੱਠਣ ਲਈ ਕਈ ਕਦਮ ਚੁਕੇ ਹਨ।’’ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਓਡੀਸ਼ਾ ਪੁਲਿਸ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਹਨ।
ਪੁਲਿਸ ਨੇ ਵੀਰਵਾਰ ਨੂੰ ਇਕ ਨਿੱਜੀ ਇੰਜੀਨੀਅਰਿੰਗ ਕਾਲਜ ਦੇ ਪੰਜ ਹੋਰ ਕਰਮਚਾਰੀਆਂ ਨੂੰ ਨੇਪਾਲੀ ਵਿਦਿਆਰਥੀਆਂ ’ਤੇ ਹਮਲਾ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਜਦੋਂ ਉਹ ਸੰਸਥਾ ਦੇ ਅਧਿਕਾਰੀਆਂ ਦੇ ਹੁਕਮਾਂ ’ਤੇ ਹੋਸਟਲ ਖਾਲੀ ਕਰ ਰਹੇ ਸਨ।
ਪੁਲਿਸ ਨੇ ਹੁਣ ਤਕ ਇਕ ਇੰਜੀਨੀਅਰਿੰਗ ਵਿਦਿਆਰਥੀ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ’ਤੇ ਹੋਸਟਲ ਦੇ ਕਮਰੇ ’ਚ ਇਕ 20 ਸਾਲਾ ਨੇਪਾਲੀ ਔਰਤ ਨੂੰ ਕਥਿਤ ਤੌਰ ’ਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੀ ਮੌਤ ਤੋਂ ਬਾਅਦ ਨੇਪਾਲੀ ਵਿਦਿਆਰਥੀਆਂ ਨੇ ਨਿਆਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।