ਇਹ ਬਹੁਤ ਗੰਭੀਰ ਮਾਮਲਾ ਸੀ, ਪੁਲਿਸ ਦੇ ਤਿੰਨ ਜਵਾਨ ਜ਼ਖਮੀ ਹੋ ਗਏ : ਦਿੱਲੀ ਪੁਲਿਸ ਦਾ ਵਕੀਲ
ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਇਕ ਦਿਨ ਪਹਿਲਾਂ ਏ.ਆਈ. ਇੰਪੈਕਟ ਸੰਮੇਲਨ ਵਾਲੀ ਥਾਂ ਉਤੇ ਪ੍ਰਦਰਸ਼ਨ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਇੰਡੀਅਨ ਯੂਥ ਕਾਂਗਰਸ (ਆਈ.ਵਾਈ.ਸੀ.) ਦੇ ਚਾਰ ਵਰਕਰਾਂ ਨੂੰ ਪੰਜ ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿਤਾ ਹੈ।
ਜੁਡੀਸ਼ੀਅਲ ਮੈਜਿਸਟਰੇਟ ਰਵੀ ਨੇ ਦਿੱਲੀ ਪੁਲਿਸ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿਤੀ ਜਿਸ ਵਿਚ ਮੁਲਜ਼ਮਾਂ ਦੀ ਪੰਜ ਦਿਨਾਂ ਦੀ ਹਿਰਾਸਤ ਵਿਚ ਪੁੱਛ-ਪੜਤਾਲ ਕਰਨ ਦੀ ਮੰਗ ਕੀਤੀ ਗਈ ਸੀ।
ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਵਿਚ ਬਿਹਾਰ ਤੋਂ ਯੂਥ ਕਾਂਗਰਸ ਦੇ ਕੌਮੀ ਸਕੱਤਰ ਕ੍ਰਿਸ਼ਨਾ ਹਰੀ ਸ਼ਾਮਲ ਸਨ। ਕੁੰਦਨ ਯਾਦਵ, ਆਈ.ਵਾਈ.ਸੀ. ਦੇ ਸੂਬਾ ਸਕੱਤਰ, ਬਿਹਾਰ; ਅਜੈ ਕੁਮਾਰ, ਆਈ.ਵਾਈ.ਸੀ. ਦੇ ਸੂਬਾ ਪ੍ਰਧਾਨ, ਉੱਤਰ ਪ੍ਰਦੇਸ਼; ਅਤੇ ਤੇਲੰਗਾਨਾ ਤੋਂ ਨਰਸਿਮਹਾ ਯਾਦਵ।
ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਨੂੰ ਪੰਜ ਦਿਨਾਂ ਦੀ ਹਿਰਾਸਤ ਵਿਚ ਲੈਣ ਦੀ ਮੰਗ ਕਰਦਿਆਂ ਦਲੀਲ ਦਿਤੀ ਕਿ ਉਨ੍ਹਾਂ ਨੇ ਸਮਾਗਮ ਵਾਲੀ ਥਾਂ ਉਤੇ ਦੇਸ਼ ਵਿਰੋਧੀ ਨਾਅਰੇ ਲਗਾਏ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਫੜੀਆਂ ਹੋਈਆਂ ਸਨ।
ਇਸ ਵਿਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਦੇ ਮੋਬਾਈਲ ਫੋਨ ਬਰਾਮਦ ਕੀਤੇ ਜਾਣੇ ਚਾਹੀਦੇ ਹਨ ਅਤੇ ਕਿਉਂਕਿ ਉਹ ਵੱਖ-ਵੱਖ ਸੂਬਿਆਂ ਦੇ ਸਨ, ਇਸ ਲਈ ਹਿਰਾਸਤ ਵਿਚ ਪੁੱਛ-ਪੜਤਾਲ ਜ਼ਰੂਰੀ ਹੈ।
ਪੁਲਿਸ ਦੇ ਵਕੀਲ ਨੇ ਦਲੀਲ ਦਿਤੀ ਕਿ ਇਹ ਇਕ ‘ਗੰਭੀਰ’ ਮਾਮਲਾ ਸੀ। ਉਨ੍ਹਾਂ ਦਸਿਆ ਕਿ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਤਿੰਨ ਜਵਾਨ ਜ਼ਖਮੀ ਹੋ ਗਏ। ਵਕੀਲ ਨੇ ਕਿਹਾ ਕਿ ਇਸ ਤੋਂ ਇਲਾਵਾ ਵਿਰੋਧ ਪ੍ਰਦਰਸ਼ਨ ਕਰਨ ਦੀ ਸਾਜ਼ਸ਼, ਫੰਡਿੰਗ ਦੇ ਸਰੋਤ ਅਤੇ ਟੀ-ਸ਼ਰਟਾਂ ਕਿੱਥੇ ਛਾਪੀਆਂ ਗਈਆਂ ਸਨ, ਇਸ ਦਾ ਪਤਾ ਲਗਾਉਣ ਦੀ ਜ਼ਰੂਰਤ ਹੈ।
ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਦੇ ਵਕੀਲ ਨੇ ਦਲੀਲ ਦਿਤੀ ਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੇ ਅਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕੀਤੀ ਸੀ। ਵਕੀਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਗ੍ਰਿਫਤਾਰੀ ਨੇ ਲੋਕਤੰਤਰ ਦੀ ਇੱਜ਼ਤ ਨੂੰ ਬਹੁਤ ਘੱਟ ਕੀਤਾ ਹੈ ਅਤੇ ਜੇ ਵਿਰੋਧ ਪ੍ਰਦਰਸ਼ਨ ਕਰਨ ਲਈ ਗ੍ਰਿਫਤਾਰੀਆਂ ਕਰਨੀਆਂ ਹਨ ਤਾਂ ਸੰਸਦ ਵਿਚ ਪ੍ਰਦਰਸ਼ਨ ਕਰ ਰਹੇ ਸੰਸਦ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
