
ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਗਊਸ਼ਾਲਾ ਵਿਚ 200 ਤੋਂ ਵੱਧ ਗਊਆਂ ਦੀ ਮੌਤ ਹੋ ਗਈ। ਰਾਜਪੁਰ ਪਿੰਡ ਦੇ ਵਾਸੀਆਂ ਨੇ ਐਸਡੀਐਮ ਨੂੰ ਸ਼ਿਕਾਇਤ ਕਰ ਕੇ ਦਸਿਆ ਹੈ ਕਿ..
ਰਾਏਪੁਰ, 18 ਅਗੱਸਤ : ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਗਊਸ਼ਾਲਾ ਵਿਚ 200 ਤੋਂ ਵੱਧ ਗਊਆਂ ਦੀ ਮੌਤ ਹੋ ਗਈ। ਰਾਜਪੁਰ ਪਿੰਡ ਦੇ ਵਾਸੀਆਂ ਨੇ ਐਸਡੀਐਮ ਨੂੰ ਸ਼ਿਕਾਇਤ ਕਰ ਕੇ ਦਸਿਆ ਹੈ ਕਿ ਗਊਆਂ ਨੂੰ ਪਿੰਡ ਦੇ ਸੁਨਸਾਨ ਇਲਾਕੇ ਵਿਚ ਦਫ਼ਨਾ ਦਿਤਾ ਗਿਆ ਹੈ। ਇਹ ਗਊਸ਼ਾਲਾ ਭਾਜਪਾ ਨੇਤਾ ਦੀ ਹੈ। ਪਿੰਡ ਦੇ ਸਰਪੰਚ ਸੇਵਾਰਾਮ ਸਾਹੂ ਨੇ ਕਿਹਾ ਕਿ ਇਹ ਗਊਆਂ ਭੁੱਖਮਰੀ ਕਾਰਨ ਮਰੀਆਂ ਹਨ। ਭਾਜਪਾ ਨੇਤਾ ਅਤੇ ਨਗਰਪਾਲਿਕਾ ਦਾ ਮੀਤ ਪ੍ਰਧਾਨ ਹਰੀਸ਼ ਵਰਮਾ ਇਸ ਗਊਸ਼ਾਲਾ ਨੂੰ ਚਲਾਉਂਦਾ ਹੈ। ਦਸਿਆ ਜਾ ਰਿਹਾ ਹੈ ਕਿ ਗਊਸ਼ਾਲਾ ਵਿਚ ਭੁੱਖ ਅਤੇ ਪਿਆਸ ਕਾਰਨ ਹਫ਼ਤੇ ਭਰ 'ਚ 200 ਤੋਂ ਵੱਧ ਗਊਆਂ ਦੀ ਮੌਤ ਹੋ ਗਈ।
ਗਊਸ਼ਾਲਾ ਦੇ ਸੰਚਾਲਕਾਂ ਨੇ ਨਾ ਤਾਂ ਪ੍ਰਸ਼ਾਸਨ ਨੂੰ ਇਸ ਦੀ ਖ਼ਬਰ ਦਿਤੀ ਤੇ ਨਾ ਹੀ ਪਸ਼ੂਪਾਲਣ ਵਿਭਾਗ ਨੂੰ। ਪਿੰਡ ਵਾਲਿਆਂ ਨੇ ਦੋਸ਼ ਲਾਇਆ ਕਿ ਗਊਸ਼ਾਲਾ ਵਿਚ ਨਾ ਤਾਂ ਕੱਖ ਹਨ ਅਤੇ ਨਾ ਹੀ ਦਾਣਾ-ਪਾਣੀ। ਇਸੇ ਕਾਰਨ ਗਊਆਂ ਦੀ ਮੌਤ ਹੋਈ। ਸ਼ਿਕਾਇਤ ਮਿਲਣ ਮਗਰੋਂ ਅਫ਼ਸਰਾਂ ਨੇ ਗਊਸ਼ਾਲਾ ਦਾ ਦੌਰਾ ਕੀਤਾ। ਡਾਕਟਰਾਂ ਦੀ ਟੀਮ ਨੇ ਵੀ ਨਿਰੀਖਣ ਕੀਤਾ।
ਗਊਸ਼ਾਲਾ ਪ੍ਰਬੰਧਕਾਂ ਨੇ ਪਿੰਡ ਵਾਲਿਆਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਬੀਮਾਰ ਸਿਰਫ਼ 13 ਗਊਆਂ ਦੀ ਮੌਤ ਹੋਈ ਹੈ। ਪਿੰਡ ਵਾਲੇ ਸਿਆਸੀ ਰੰਜਸ਼ ਕਾਰਨ ਅਜਿਹੇ ਦੋਸ਼ ਲਾ ਰਹੇ ਹਨ। ਗਊਸ਼ਾਲਾ ਵਿਚ 650 ਗਾਵਾਂ ਹਨ ਅਤੇ ਰਾਜ ਗਊ ਸੇਵਾ ਕਮਿਸ਼ਨ ਤੋਂ ਗਊ ਸ਼ਾਲਾ ਨੂੰ ਆਰਥਕ ਸਹਾਇਤਾ ਵੀ ਮਿਲਦੀ ਹੈ। ਸੂਬੇ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਅਧਿਕਾਰੀਆਂ ਨੂੰ ਘਟਨਾਕ੍ਰਮ ਦਾ ਜਾਇਜ਼ਾ ਲੈਣ ਦੇ ਹੁਕਮ ਦਿਤੇ ਹਨ। (ਏਜੰਸੀ)