
ਸੰਸਦ ਮੈਂਬਰ ਸਚਿਨ ਤੇਂਦੁਲਕਰ ਨੇ ਦੋਪਹੀਆ ਵਾਹਨਾਂ ਨੂੰ ਚਲਾਉਂਦੇ ਸਮੇਂ ਸੁਰੱਖਿਆ ਵਰਤਣ ਲਈ ਅਪਣੀ ਮੁਹਿੰਮ ਤਹਿਤ ਘਟੀਆ ਹੈਲਮਟ ਬਣਾਉਣ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।
ਚੈਂਪੀਅਨ ਕ੍ਰਿਕਟਰ ਅਤੇ ਰਾਜ ਸਭਾ ਸੰਸਦ ਮੈਂਬਰ ਸਚਿਨ ਤੇਂਦੁਲਕਰ ਨੇ ਦੋਪਹੀਆ ਵਾਹਨਾਂ ਨੂੰ ਚਲਾਉਂਦੇ ਸਮੇਂ ਸੁਰੱਖਿਆ ਵਰਤਣ ਲਈ ਅਪਣੀ ਮੁਹਿੰਮ ਤਹਿਤ ਘਟੀਆ ਹੈਲਮਟ ਬਣਾਉਣ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਸੜਕ ਆਵਾਜਾਈ ਮੰਤਰੀ ਨਿਤੀਨ ਗਡਕਰੀ ਨੂੰ ਲਿਖੀ ਚਿੱਠੀ ਵਿਚ ਮਾਸਟਰ ਬਲਾਸਟਰ ਨੇ ਕਿਹਾ ਕਿ ਦੋ ਪਹੀਆ ਵਾਹਨਾਂ ਦੇ ਵਧਦੇ ਹਾਦਸਿਆਂ ਨੂੰ ਲੈ ਕੇ ਇਹ ਜ਼ਰੂਰੀ ਹੈ ਕਿ ਸੁਰੱਖਿਆ ਉਪਕਰਨ ਉਚ ਪੱਧਰ ਦੇ ਹੋਣ। ਉਨ੍ਹਾਂ ਲਿਖਿਆ, ''ਮੈਂ ਤੁਹਾਡੇ ਮੰਤਰਾਲਾ ਨੂੰ ਬੇਨਤੀ ਕਰਾਂਗਾ ਕਿ ਘਟੀਆ ਕਿਸਮ ਦੇ ਹੈਲਮਟ ਬਣਾਉਣ ਵਾਲਿਆਂ ਅਤੇ ਫ਼ਰਜ਼ੀ ਆਈ.ਐਸ.ਆਈ. ਮਾਰਕ ਦੇ ਨਾਲ ਉਸ ਨੂੰ ਵੇਚਣ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਇਕ ਖਿਡਾਰੀ ਹੋਣ ਕਰ ਕੇ ਮੈਂ ਸੋਚਦਾ ਹਾਂ ਕਿ ਮੈਦਾਨ 'ਤੇ ਜਦੋਂ ਅਸੀਂ ਖੇਡਦੇ ਹਾਂ ਤਾਂ ਉਚ ਪੱਧਰ ਦੇ ਸੁਰੱਖਿਆ ਉਪਕਰਨ ਕਿੰਨੇ ਜ਼ਰੂਰੀ ਹੁੰਦੇ ਹਨ।''
Helmet
ਸਚਿਨ ਤੇਂਦੁਲਕਰ ਨੇ ਕਿਹਾ, ''ਹੈਲਮਟ ਲਈ ਵੀ ਇਹ ਜ਼ਰੂਰੀ ਹੈ ਕਿ ਗੁਣਵਤਾ ਦਾ ਪੱਧਰ ਬਰਕਰਾਰ ਰਖਿਆ ਜਾਵੇ।'' ਸੜਕ ਸੁਰੱਖਿਆ ਦੇ ਹਮਾਇਤੀ ਤੇਂਦੁਲਕਰ ਲੋਕਾਂ ਨੂੰ ਹੈਲਮਟ ਦਾ ਇਸਤੇਮਾਲ ਕਰਨ ਲਈ ਸੋਸ਼ਲ ਮੀਡੀਆ 'ਤੇ ਲਗਾਤਾਰ ਲਿਖਦੇ ਰਹੇ ਹਨ। ਉਨ੍ਹਾਂ ਨੇ ਚੰਗੀ ਕਿਸਮ ਦੇ ਹੈਲਮਟ ਦੀਆਂ ਕੀਮਤਾਂ ਘੱਟ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਦੋਪਹੀਆ ਵਾਹਨ ਚਾਲਕ ਸਸਤੇ ਦੇ ਚੱਕਰ ਵਿਚ ਘਟੀਆ ਹੈਲਮਟ ਨਾ ਖ਼ਰੀਦਣ। (ਪੀ.ਟੀ.ਆਈ)