
ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨਾਲ ਲੱਗੀਆਂ ਚੌਕੀਆਂ ‘ਤੇ ਭਾਰੀ ਗੋਲੀਬਾਰੀ ਅਤੇ ਐਲਓਸੀ ਦੀ ਉਲੰਘਣਾ ਵੀ ਕੀਤੀ।
ਸ਼੍ਰੀਨਗਰ : ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨਾਲ ਲੱਗੀਆਂ ਚੌਕੀਆਂ ‘ਤੇ ਭਾਰੀ ਗੋਲੀਬਾਰੀ ਅਤੇ ਐਲਓਸੀ ਦੀ ਉਲੰਘਣਾ ਵੀ ਕੀਤੀ, ਜਿਸ ਵਿਚ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਨੇ ਵੀਰਵਾਰ ਸਵੇਰੇ ਸੁੰਦਰਬਨੀ ਸੈਕਟਰ ਦੇ ਕੇਰੀ ਇਲਾਕੇ ਵਿਚ ਐਲਓਸੀ ਦਾ ਉਲੰਘਣ ਕੀਤਾ। ਉਹਨਾਂ ਨੇ ਦੱਸਿਆ ਕਿ ਪਾਕਿਸਤਾਨੀ ਗੋਲੀਬਾਰੀ ਵਿਚ ਇਕ ਜਵਾਨ ਸ਼ਹੀਦ ਹੋ ਗਿਆ।
ਉਧਰ ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਬਾਰਮੂਲਾ ਜ਼ਿਲ੍ਹੇ 'ਚ ਪੈਂਦੇ ਸੋਪੋਰ ਵਿਚ ਅਤਿਵਾਦੀਆਂ ਨੇ ਸੀਆਰਪੀਐਫ ਕੈਂਪ 'ਤੇ ਗ੍ਰਨੇਡ ਨਾਲ ਹਮਲਾ ਕਰ ਦਿਤਾ। ਜਿਸ ਵਿਚ ਇਕ ਐਸਐਚਓ ਸਮੇਤ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਅਤਿਵਾਦੀਆਂ ਨੇ ਸੋਪੋਰ ਵਿਚ ਐਸਬੀਆਈ ਬੈਂਕ ਨੇੜੇ ਮੁੱਖ ਚੌਕ ਵਿਚ ਸਥਿਤ ਸੀਆਰਪੀਐਫ ਕੈਂਪ 'ਤੇ ਇਹ ਹਮਲਾ ਕੀਤਾ ਹੈ।
ਉਧਰ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਘੇਰਿਆ ਹੋਇਆ ਹੈ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਹੈ। ਸ਼ੋਪੀਆਂ ਵਿਚ ਅਤਿਵਾਦੀਆਂ ਵਿਰੁਧ ਸਪੈਸ਼ਲ ਅਪਰੇਸ਼ਨ ਦੇ ਚਲਦਿਆਂ ਕਿਸੇ ਤਰ੍ਹਾਂ ਦੀ ਰੁਕਾਵਟ ਤੋਂ ਬਚਣ ਲਈ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿਤਾ ਗਿਆ ਹੈ। ਇਥੇ ਅਤਿਵਾਦੀਆਂ ਨੂੰ ਅਪਣੇ ਆਪ ਨੂੰ ਘਿਰਿਆ ਹੋਇਆ ਦੇਖ ਗੋਲੀਬਾਰੀ ਸ਼ੁਰੂ ਕਰ ਦਿਤੀ।
ਦੱਸ ਦਈਏ ਕਿ ਅਮਰੀਕਾ ਨੇ ਬੁੱਧਵਾਰ ਨੂੰ ਹੀ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਹੈ ਕਿ ਉਹ ਅਤਿਵਾਦ ਦੇ ਖਿਲਾਫ ਠੋਸ ਕਾਰਵਾਈ ਕਰੇ ਅਤੇ ਹੁਣ ਜੇਕਰ ਭਾਰਤ ਤੇ ਕੋਈ ਹੋਰ ਅਤਿਵਾਦੀ ਹਮਲਾ ਹੁੰਦਾ ਹੈ ਤਾਂ ਫਿਰ ਇਸਲਾਮਾਬਾਦ ਲਈ ‘ਬਹੁਤ ਮੁਸ਼ਕਿਲ’ ਹੋ ਜਾਵੇਗੀ। ਅਮਰੀਕਾ ਦੇ ਇਕ ਉੱਚ ਪ੍ਰਸ਼ਾਸਕੀ ਅਧਿਕਾਰੀ ਨੇ ਬੁੱਧਵਾਰ ਨੂੰ ਵਾਈਟ ਹਾਊਸ ਵਿਚ ਮੀਡੀਆ ਨੂੰ ਕਿਹਾ, ‘ਇਹ ਜ਼ਰੂਰੀ ਹੈ ਕਿ ਪਾਕਿਸਤਾਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੈਯਬਾ ਜਿਹੇ ਅਤਿਵਾਦੀ ਸੰਗਠਨਾਂ ‘ਤੇ ਕਾਬੂ ਕਰਨ ਲਈ ਠੋਸ ਕਾਰਵਾਈ ਕਰੇ ਤਾਂ ਜੋ ਖੇਤਰ ਵਿਚ ਫਿਰ ਤੋਂ ਤਨਾਅ ਨਾ ਵਧੇ’।