
'ਆਪ' ਦੇ ਪੰਜ ਉਮੀਦਵਾਰਾਂ ਨੇ ਰਾਜ ਸਭਾ ਲਈ ਭਰੀ ਨਾਮਜ਼ਦਗੀ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਲਈ ਪੰਜ ਨਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਸੀਟਾਂ ਲਈ ਕ੍ਰਿਕਟਰ ਹਰਭਜਨ ਸਿੰਘ, 'ਆਪ' ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ, ਆਈਆਈਟੀ ਦਿੱਲੀ ਦੇ ਪ੍ਰੋਫੈਸਰ ਸੰਦੀਪ ਪਾਠਕ ਦੇ ਨਾਂ ਐਲਾਨੇ ਗਏ ਹਨ। ਇਸ ਦੇ ਨਾਲ ਹੀ ਸੂਚੀ 'ਚ ਸ਼ਾਮਲ ਦੋ ਨਾਵਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
five faces nominated by AAP for Rajya Sabha
'ਆਪ' ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਲੁਧਿਆਣਾ ਤੋਂ ਸਨਅਤਕਾਰ ਸੰਜੀਵ ਅਰੋੜਾ ਦੇ ਨਾਵਾਂ ਦਾ ਵੀ ਐਲਾਨ ਕੀਤਾ ਹੈ। ਮਿੱਤਲ ਅਤੇ ਅਰੋੜਾ ਦਾ ਨਾਂ ਹੁਣ ਤੱਕ ਸੁਰਖੀਆਂ 'ਚ ਨਹੀਂ ਸੀ। ਸਾਰੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ। ਦੱਸਣਯੋਗ ਹੈ ਕਿ 31 ਮਾਰਚ ਨੂੰ ਰਾਜ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਅੱਜ ਨਾਮਜ਼ਦਗੀ ਭਰਨ ਦਾ ਆਖ਼ਰੀ ਦਿਨ ਹੈ।
Harbhajan Singh
ਇਸੇ ਤਹਿਤ ਕ੍ਰਿਕਟਰ ਹਰਭਜਨ ਸਿੰਘ ਨੇ ਰਾਜ ਸਭਾ ਦੇ ਉਮੀਦਵਾਰ ਦੇ ਤੌਰ ’ਤੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਥੇ ਹੀ ਡਾ. ਸੰਦੀਪ ਪਾਠਕ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਵੀ ਰਾਜ ਸਭਾ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਇਆ।
Raghav Chadha
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਮੇਰੇ ਲਈ ਬਹੁਤ ਹੀ ਵੱਡਾ ਦਿਨ ਹੈ। ਮੈਂ ਆਪਣੀ ਮਾਂ ਦੇ ਨਾਲ ਨਾਮਜ਼ਦਗੀ ਭਰਨ ਆਇਆ ਹਾਂ। ਅਰਵਿੰਦ ਕੇਜਰੀਵਾਲ ਜੀ ਨੇ ਮੇਰੇ ’ਤੇ ਭਰੋਸਾ ਜਤਾਇਆ ਹੈ ਕਿ ਇੰਨੀ ਛੋਟੀ ਉਮਰ ’ਚ ਉਨ੍ਹਾਂ ਨੇ ਮੈਨੂੰ ਇੱਥੇ ਭੇਜਿਆ ਹੈ। ਮੈਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਮੈਂ ਪੰਜਾਬ ਦੇ ਲੋਕਾਂ ਦਾ ਮੁੱਦਾ ਸੰਸਦ ਵਿੱਚ ਚੁੱਕਾਂਗਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਾਂਗਾ।
Five faces nominated by AAP for Rajya Sabha.
ਉਥੇ ਹੀ ਹਰਭਜਨ ਸਿੰਘ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਖੇਡਾਂ ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਜੋੜਿਆ ਜਾਵੇ ਅਤੇ ਇੰਸਫਾਸਟ੍ਰਕਚਰ ਵਧੀਆ ਬਣਾਇਆ ਜਾਵੇ। ਮੇਰਾ ਇਹੀ ਮਕਸਦ ਰਹੇਗਾ ਕਿ ਖੇਡਾਂ ਨੂੰ ਵਾਧਾ ਮਿਲੇ। ਮੈਂ ਕੋਸ਼ਿਸ਼ ਕਰਾਂਗਾ ਕਿ ਸਾਰਿਆਂ ਦੀਆਂ ਉਮੀਦਾਂ ’ਤੇ ਖਰਾ ਉੱਤਰਾਂ। ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਮੁੱਥ ਮੰਤਰੀ ਭਗਵੰਤ ਮਾਨ ਦੇ ਕਰੀਬੀ ਹਨ। ਇਹ ਵੀ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਸਪੋਰਟਸ ਯੂਨੀਵਰਸਿਟੀ ਦੀ ਕਮਾਨ ਵੀ ਸੌਂਪ ਸਕਦੇ ਹਨ।
Dr Ashok Mittal
ਅਸ਼ੋਕ ਮਿੱਤਲ ਲਵਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਹਨ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਉਹ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ। ਦੂਜੇ ਪਾਸੇ ਸੰਜੀਵ ਅਰੋੜਾ ਲੁਧਿਆਣਾ ਦੇ ਵੱਡੇ ਕਾਰੋਬਾਰੀਆਂ ਵਿੱਚੋਂ ਇੱਕ ਹਨ। ਉਹ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਚਲਾਉਂਦੇ ਹਨ।
Prof. Sandeep Pathak
ਇਸ ਤੋਂ ਇਲਾਵਾ ਸੰਦੀਪ ਪਾਠਕ ਲੰਡਨ ਤੋਂ ਗ੍ਰੈਜੂਏਟ ਹਨ ਅਤੇ ਪੰਜਾਬ ਵਿਚ ਹੋਈਆਂ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਦੀ ਜਿੱਤ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀਆਂ ਨਾਲ ਕੀਤੀ ਵਰਚੁਅਲ ਮੀਟਿੰਗ ਦੌਰਾਨ ਸੰਦੀਪ ਪਾਠਕ ਦੀ ਤਾਰੀਫ਼ ਵੀ ਕੀਤੀ ਸੀ।