ਦੂਜੇ ਪਾਸੇ ਦੂਸਰਾ ਲੈਕਚਰ ‘ਪੈਗੰਬਰ ਮੁਹੰਮਦ- ਏ ਮਰਸੀ ਫਾਰ ਹਿਊਮਨਜ਼’ 25 ਮਾਰਚ ਦੀ ਸ਼ਾਮ ਨੂੰ ਸੁਲਤਾਨ ਕਾਬੂਸ ਯੂਨੀਵਰਸਿਟੀ ਵਿੱਚ ਹੋਣ ਵਾਲਾ ਹੈ।
ਨਵੀਂ ਦਿੱਲੀ - ਕੱਟੜਪੰਥੀ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਓਮਾਨ ਤੋਂ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ। ਨਾਇਕ 23 ਮਾਰਚ ਤੋਂ ਓਮਾਨ ਦੇ ਦੌਰੇ 'ਤੇ ਜਾ ਰਿਹਾ ਹੈ, ਜਿਸ ਦੌਰਾਨ ਭਾਰਤੀ ਖੁਫੀਆ ਏਜੰਸੀਆਂ ਉਸ ਨੂੰ ਹਿਰਾਸਤ 'ਚ ਲੈਣ ਲਈ ਓਮਾਨ ਦੇ ਅਧਿਕਾਰੀਆਂ ਦੇ ਸੰਪਰਕ 'ਚ ਹਨ। ਨਾਇਕ ਨੂੰ ਓਮਾਨ ਵਿਚ ਦੋ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦਾ ਪਹਿਲਾ ਲੈਕਚਰ 'ਕੁਰਾਨ ਏ ਗਲੋਬਲ ਨੀਡ' ਓਮਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਗਿਆ ਹੈ, ਜੋ ਕਿ ਰਮਜ਼ਾਨ ਦੇ ਪਹਿਲੇ ਦਿਨ 23 ਮਾਰਚ ਨੂੰ ਹੋਣਾ ਹੈ।
ਦੂਜੇ ਪਾਸੇ ਦੂਸਰਾ ਲੈਕਚਰ ‘ਪੈਗੰਬਰ ਮੁਹੰਮਦ- ਏ ਮਰਸੀ ਫਾਰ ਹਿਊਮਨਜ਼’ 25 ਮਾਰਚ ਦੀ ਸ਼ਾਮ ਨੂੰ ਸੁਲਤਾਨ ਕਾਬੂਸ ਯੂਨੀਵਰਸਿਟੀ ਵਿੱਚ ਹੋਣ ਵਾਲਾ ਹੈ। ਦੱਸਿਆ ਗਿਆ ਹੈ ਕਿ ਓਮਾਨ ਵਿਚ ਭਾਰਤੀ ਦੂਤਾਵਾਸ ਉਨ੍ਹਾਂ ਨੂੰ ਸਥਾਨਕ ਕਾਨੂੰਨਾਂ ਦੇ ਤਹਿਤ ਹਿਰਾਸਤ ਵਿਚ ਲੈਣ ਅਤੇ ਫਿਰ ਉਨ੍ਹਾਂ ਨੂੰ ਭਾਰਤ ਡਿਪੋਰਟ ਕਰਨ ਲਈ ਉੱਥੋਂ ਦੀਆਂ ਏਜੰਸੀਆਂ ਦੇ ਸੰਪਰਕ ਵਿਚ ਹੈ।
ਭਾਰਤੀ ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਕਿਹਾ ਕਿ ਇਸ ਗੱਲ ਦੀ ਪ੍ਰਬਲ ਸੰਭਾਵਨਾ ਹੈ ਕਿ ਸਥਾਨਕ ਅਧਿਕਾਰੀ ਉਨ੍ਹਾਂ ਦੀ ਬੇਨਤੀ 'ਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਸਕਦੇ ਹਨ। ਭਾਰਤੀ ਏਜੰਸੀਆਂ ਵੱਲੋਂ ਹਿਰਾਸਤ ਵਿੱਚ ਲੈਣ ਤੋਂ ਬਾਅਦ ਅਗਲੀ ਕਾਰਵਾਈ ਲਈ ਕਾਨੂੰਨੀ ਟੀਮ ਭੇਜਣ ਦੀ ਸੰਭਾਵਨਾ ਹੈ। ਇਹ ਮਾਮਲਾ ਵਿਦੇਸ਼ ਮੰਤਰਾਲੇ ਨੇ ਓਮਾਨੀ ਰਾਜਦੂਤ ਕੋਲ ਵੀ ਉਠਾਇਆ ਸੀ। ਇਸੇ ਤਰ੍ਹਾਂ ਓਮਾਨ ਵਿਚ ਭਾਰਤੀ ਰਾਜਦੂਤ ਨੇ ਵੀ ਓਮਾਨੀ ਵਿਦੇਸ਼ ਮੰਤਰਾਲੇ ਕੋਲ ਇਹ ਮੁੱਦਾ ਉਠਾਇਆ ਹੈ।