
20 ਅਮਰੀਕੀ ਡਾਲਰ ਦੀ ਸੇਵਾ ਫੀਸ ਤੋਂ ਇਲਾਵਾ ਗੁਰਦੁਆਰਾ ਦਰਬਾਰ ਸਾਹਿਬ ਲਈ ਨਵੀਂ ਐਂਟਰੀ
ਬੀਤੇ ਸਾਲਾਂ ਵਿਚ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਸਿੱਖ ਸੰਗਤ ਨੇ ਭਾਰੀ ਗਿਣਤੀ ਵਿਚ ਕਰਤਾਰਪੁਰ ਸਾਹਿਬ ਜਾਣਾ ਸ਼ੁਰੂ ਕੀਤਾ ਸੀ। ਉਸੇ ਸਮੇਂ ਤੋਂ ਪਾਕਿਸਤਾਨ ਦੇ ਮਨ ਵਿਚ ਲਾਲਚ ਆ ਗਿਆ ਕਿ ਸੰਗਤ ਤੋਂ ਫੀਸ ਵਸੂਲੀ ਜਾਵੇ। ਇਸੇ ਤਹਿਤ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਪਹੁੰਚਣ ਵਾਲੀ ਸੰਗਤ ਲਈ ਕੁੱਝ ਸ਼ਰਤਾਂ ਲਾਗੂ ਕਰ ਦਿਤੀਆਂ। ਵਿੱਤੀ ਔਕੜਾਂ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ ਸੰਗਤ ਲਈ 20 ਅਮਰੀਕੀ ਡਾਲਰ ਦੀ ਸੇਵਾ ਫੀਸ ਤੋਂ ਇਲਾਵਾ ਗੁਰਦੁਆਰਾ ਦਰਬਾਰ ਸਾਹਿਬ ਲਈ ਨਵੀਂ ਐਂਟਰੀ ਫੀਸ ਸ਼ੁਰੂ ਕੀਤੀ ਹੈ।
ਨਾਰੋਵਾਲ ਜ਼ਿਲ੍ਹੇ ਦੇ ਸਥਾਨਕ ਸੈਲਾਨੀਆਂ ਨੂੰ 200 PKR (ਪਾਕਿਸਤਾਨੀ ਰੁਪਏ) ਦਾ ਭੁਗਤਾਨ ਕਰਨਾ ਪੈਂਦਾ ਹੈ ਜਦੋਂ ਕਿ ਦੂਜੇ ਜ਼ਿਲ੍ਹਿਆਂ ਦੇ ਯਾਤਰੀਆਂ ਨੂੰ ਨਾਰੋਵਾਲ-ਸ਼ਕਰਗੜ੍ਹ ਰੋਡ ਰਾਹੀਂ ਗੁਰਦੁਆਰੇ ਤਕ ਪਹੁੰਚਣ ਲਈ 400 ਪਾਕਿਸਤਾਨੀ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ। ਦੂਜੇ ਪਾਸੇ ਵਿਦੇਸ਼ੀ ਸੈਲਾਨੀਆਂ ਤੋਂ 5 ਅਮਰੀਕੀ ਡਾਲਰ ਦੀ ਐਂਟਰੀ ਫੀਸ ਲਈ ਜਾਂਦੀ ਹੈ। ਹਾਲਾਂਕਿ ਸਿੱਖ, ਨਾਮ ਲੇਵਾ ਸਿੱਖ, ਹਿੰਦੂ ਤੇ ਤਸਦੀਕਸ਼ੁਦਾ ਸ਼ਨਾਖਤੀ ਕਾਰਡ ਵਾਲੇ ਦਿਵਿਆਂਗ ਵਿਅਕਤੀਆਂ ਨੂੰ ਇਸ ਤੋਂ ਛੋਟ ਹੈ।
ਗੁਰਦੁਆਰਾ ਦਰਬਾਰ ਸਾਹਿਬ, ਜਿੱਥੇ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ, ਨਾਰੋਵਾਲ ਜ਼ਿਲ੍ਹੇ ਵਿਚ ਸਥਿਤ ਹੈ। ਭਾਰਤ ਦੇ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਨੂੰ ਨਾਰੋਵਾਲ ਦੇ ਇਸ ਪਵਿੱਤਰ ਸਥਾਨ ਨਾਲ ਜੋੜਨ ਲਈ ਇਕ ਲਾਂਘਾ ਬਣਾਇਆ ਗਿਆ ਸੀ। ਪਾਕਿਸਤਾਨ ਸਰਕਾਰ ਪ੍ਰਾਜੈਕਟ ਮੈਨੇਜ-ਕੋਰੀਮੈਂਟ ਯੂਨਿਟ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਨਿਗਰਾਨੀ ਕਰਦੀ ਹੈ ਤੇ ਸਿੱਖਾਂ, ਨਾਮ ਲੇਵਾ ਸਿੱਖਾਂ ਤੇ ਹਿੰਦੂਆਂ ਨੂੰ ਰਾਤ ਨੂੰ ਇੱਥੇ ਰਹਿਣ ਦੀ ਇਜਾਜ਼ਤ ਦਿਤੀ ਹੈ।
ਹਾਲਾਂਕਿ, ਕਰਤਾਰਪੁਰ ਲਾਂਘੇ ਰਾਹੀਂ ਭਾਰਤ ਤੋਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਅਜੇ ਵੀ ਉਸੇ ਦਿਨ ਭਾਰਤ ਵਾਪਸ ਆਉਣਾ ਲਾਜ਼ਮੀ ਹੈ। ਭਾਰਤੀ ਸ਼ਰਧਾਲੂ ਗੁਰਦਾਸਪੁਰ ਤੋਂ ਗੁਰਦੁਆਰੇ ਦੀ ਯਾਤਰਾ ਲਈ 20 ਅਮਰੀਕੀ ਡਾਲਰ ਸੇਵਾ ਫੀਸ ’ਤੇ ਇਤਰਾਜ਼ ਉਠਾ ਰਹੇ ਹਨ। ਉਹ ਇਸ ਫੀਸ ਨੂੰ ਬੇਲੋੜਾ ਵਿੱਤੀ ਬੋਝ ਦੱਸਦੇ ਹੋਏ ਇਸ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਤਾਜ਼ਾ ਘਟਨਾਕ੍ਰਮ ਵਿਚ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਕਰਨ ਵਾਲੀ ਸੰਘੀ ਸੰਸਥਾ ਨੇ ਵੀਰਵਾਰ ਨੂੰ 326ਵੇਂ ਵਿਸਾਖੀ ਦੇ ਤਿਉਹਾਰ ਲਈ ਕਾਰਜਕ੍ਰਮ ਦੀ ਘੋਸ਼ਣਾ ਕੀਤੀ।
ਭਾਰਤੀ ਸ਼ਰਧਾਲੂ 10 ਅਪ੍ਰੈਲ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚਣਗੇ, ਜਿਸ ਦਾ ਮੁੱਖ ਸਮਾਗਮ 14 ਅਪ੍ਰੈਲ ਨੂੰ ਹਸਨਅਬਦਾਲ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਵੇਗਾ। ਸ਼ਰਧਾਲੂ 19 ਅਪ੍ਰੈਲ ਨੂੰ ਭਾਰਤ ਪਰਤਣਗੇ।