
ਇਕ ਪਾਸੇ ਭਾਵੇਂ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਦੇਸ਼ ਦੀ ਜਨਤਾ ਦਾ ਗੁੱਸਾ ਭੜਕਿਆ ਹੋਇਆ ਹੈ ਅਤੇ ਬਲਾਤਕਾਰੀਆਂ ਨੂੰ ਫ਼ਾਂਸੀ ...
ਇੰਦੌਰ : ਇਕ ਪਾਸੇ ਭਾਵੇਂ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਦੇਸ਼ ਦੀ ਜਨਤਾ ਦਾ ਗੁੱਸਾ ਭੜਕਿਆ ਹੋਇਆ ਹੈ ਅਤੇ ਬਲਾਤਕਾਰੀਆਂ ਨੂੰ ਫ਼ਾਂਸੀ ਦੀ ਸਜ਼ਾ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਇਸ ਤਰ੍ਹਾਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਹੁਣ ਇੰਦੌਰ ਵਿਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਦੁੱਧ ਪੀਂਦੀ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰ ਦਿਤੀ ਗਈ।
indore girl child rape and murder
ਪੁਲਿਸ ਨੇ ਮਾਮਲੇ ਵਿਚ ਸੀਸੀਟੀਵੀ ਕੈਮਰੇ ਦੀ ਫੁਟੇਜ਼ ਜ਼ਰੀਏ ਇਕ ਨੌਜਵਾਨ ਮੁਲਜ਼ਮ ਦੀ ਪਹਿਚਾਣ ਕੀਤੀ ਹੈ ਜੋ ਬੱਚੀ ਦੇ ਮਾਪਿਆਂ ਦਾ ਜਾਣਕਾਰ ਹੈ। ਡੀਆਈਜੀ ਹਰਿ ਨਰਾਇਣਚਾਰੀ ਮਿਸ਼ਰਾ ਨੇ ਦਸਿਆ ਕਿ ਆਮ ਲੋਕਾਂ ਦੀ ਸੂਚਨਾ 'ਤੇ ਰਾਜਬਾੜਾ ਖੇਤਰ ਦੀ ਇਕ ਕਾਰੋਬਾਰੀ ਇਮਾਰਤ ਦੇ ਬੇਸਮੈਂਟ ਵਿਚ ਦੁਪਹਿਰ ਨੂੰ ਬੱਚੀ ਦੀ ਲਹੂ ਲੁਹਾਣ ਹੋਈ ਲਾਸ਼ ਬਰਾਮਦ ਹੋਈ।
indore girl child rape and murder
ਉਨ੍ਹਾਂ ਦਸਿਆ ਕਿ ਦੁੱਧਮੂੰਹੀਂ ਬੱਚੀ ਦੇ ਮਾਪੇ ਬੇਹੱਦ ਗ਼ਰੀਬ ਹਨ। ਉਹ ਗ਼ੁਬਾਰੇ ਵੇਚ ਕੇ ਅਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਕੋਲ ਅਪਣਾ ਘਰ ਤਕ ਨਹੀਂ ਹੈ। ਉਹ ਇਤਿਹਾਸਕ ਰਾਜਬਾੜਾ ਮਹਿਲ ਦੇ ਬਾਹਰ ਬੱਚੀ ਨਾਲ ਖੁੱਲ੍ਹੇ ਵਿਚ ਸੌਂ ਰਹੇ ਸਨ। ਸੁਨੀਲ ਭੀਲ (21) ਨਾਂ ਦੇ ਇਕ ਨੌਜਵਾਨ ਨੇ ਉਨ੍ਹਾਂ ਕੋਲ ਸੌਂ ਰਹੀ ਬੱਚੀ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ। ਉਹ ਵਿਅਕਤੀ ਵੀ ਬੱਚੀ ਦੇ ਪਰਿਵਾਰ ਕੋਲ ਖੁੱਲ੍ਹੇ ਵਿਚ ਸੌਂ ਰਿਹਾ ਸੀ। ਉਹ ਬੱਚੀ ਦੇ ਮਾਪਿਆਂ ਦੇ ਨਾਲ ਗ਼ੁਬਾਰੇ ਵੇਚਦਾ ਸੀ।
indore girl child rape and murder
ਮਿਸ਼ਰਾ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਦੇ ਹਵਾਲੇ ਨਾਲ ਦਸਿਆ ਕਿ ਅਗਵਾ ਤੋਂ ਬਾਅਦ ਮੁਲਜ਼ਮ ਸੌਂਦੀ ਹੋਈ ਬੱਚੀ ਨੂੰ ਅਪਣੇ ਮੋਢੇ ਲਗਾ ਕੇ ਨਿਕਲਿਆ ਤਾਂ ਜੋ ਲੋਕਾਂ ਨੂੰ ਸ਼ੱਕ ਨਾ ਹੋਵੇ। ਫਿਰ ਉਸ ਨੂੰ ਕਰੀਬ 50 ਮੀਟਰ ਦੂਰ ਸਥਿਤ ਇਕ ਕਾਰੋਬਾਰੀ ਇਮਾਰਤ ਦੇ ਬੇਸਮੈਂਟ ਵਿਚ ਲੈ ਗਿਆ। ਡੀਆਈਜੀ ਨੇ ਦਸਿਆ ਕਿ ਬੱਚੀ ਦੇ ਘਬਰਾਏ ਮਾਪਿਆਂ ਨੇ ਉਸ ਨੂੰ ਸਵੇਰੇ ਜਗ੍ਹਾ-ਜਗ੍ਹਾ ਤਲਾਸ਼ ਕੀਤਾ। ਦੁਪਹਿਰ ਨੂੰ ਬੱਚੀ ਦੀ ਲਾਸ਼ ਬਰਾਮਦ ਹੋਈ।
indore girl child rape and murder
ਮਿਸ਼ਰਾ ਨੇ ਕਿਹਾ ਕਿ ਅਸੀਂ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਵਾਂਗੇ। ਇਸ ਤੋਂ ਬਾਅਦ ਮਾਮਲੇ ਵਿਚ ਜਲਦ ਹੀ ਦੋਸ਼ ਪੱਤਰ ਪੇਸ਼ ਕੀਤਾ ਜਾਵੇਗਾ। ਮਹਾਰਾਜਾ ਯਸ਼ਵੰਤਰਾਓ ਮੈਡੀਕਲ ਹਸਪਤਾਲ ਵਿਚ ਬੱਚੀ ਦਾ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਦੀ ਰਿਪੋਰਟ ਵਿਚ ਹੱਤਿਆ ਤੋਂ ਪਹਿਲਾਂ ਬੱਚੀ ਨਾਲ ਬਲਾਤਕਾਰ ਦੇ ਸਪੱਸ਼ਟ ਸੰਕੇਤ ਮਿਲੇ ਹਨ।