
ਚੰਡੀਗੜ੍ਹ ਨਾਲ ਲਗਦੇ ਮੋਹਾਲੀ, ਪੰਚਕੂਲਾ ਦੇ 15 ਬਾਰਡਰ ਕੀਤੇ ਸੀਲ
ਚੰਡੀਗੜ੍ਹ, 21 ਅਪ੍ਰੈਲ (ਤਰੁਣ ਭਜਨੀ): ਕੋਰੋਨਾ ਵਾਇਰਸ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਡਾਕਟਰਾਂ ਦੇ ਬਾਅਦ ਵਾਇਰਸ ਰੋਕਣ ਵਿਚ ਪੁਲਿਸ ਅਹਿਮ ਰੋਲ ਨਿਭਾ ਰਹੀ ਹੈ। ਚੰਡੀਗੜ੍ਹ ਵਿਚ ਪੰਚਕੂਲਾ ਅਤੇ ਮੋਹਾਲੀ ਤੋਂ ਵਾਇਰਸ ਫੈਲਣ ਤੋਂ ਰੋਕਣ ਲਈ ਪੁਲਿਸ ਨੇ ਤਿਆਰੀ ਕਰ ਲਈ ਹੈ। ਹੁਣ ਮੋਹਾਲੀ ਅਤੇ ਪੰਚਕੂਲਾ ਨਾਲ ਲਗਦੇ ਸ਼ਹਿਰ ਦੇ ਬਾਰਡਰ ਏਰੀਆ ਦੀਆਂ 15 ਥਾਵਾਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿਤਾ ਗਿਆ ਹੈ। ਬਾਰਡਰ ਏਰੀਆ ਤੋਂ ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਵੱਖ-ਵੱਖ ਬਾਰਡਰ ਏਰੀਆ ਉਤੇ ਹੁਣ ਤਕ 38 ਨਾਕਿਆਂ ’ਤੇ ਪੁਲਿਸ ਤੈਨਾਤ ਸੀ, ਪਰ ਲਗਾਤਾਰ ਟਰਾਈਸਿਟੀ ਵਿਚ ਕੋਰੋਨਾ ਵਾਇਰਸ ਸੰਕਰਮਣ ਵਧਣ ਕਾਰਨ ਪੁਲਿਸ ਕੁੱਝ ਜ਼ਿਆਦਾ ਹੀ ਅਲਰਟ ਹੋ ਗਈ ਹੈ। ਇਸ ਦੇ ਚਲਦੇ ਸਾਰੇ ਬਾਰਡਰ ਏਰੀਆ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਮੋਹਾਲੀ ਐਸ.ਐਸ.ਪੀ. ਅਤੇ ਪੰਚਕੂਲਾ ਡੀ.ਸੀ.ਪੀ. ਨਾਲ ਸੰਪਰਕ ਕਰ ਕੇ ਬਾਰਡਰ ਸੀਲ ਹੋਣ ਦੀ ਜਾਣਕਾਰੀ ਦੇ ਦਿਤੀ ਗਈ ਹੈ ਤਾਕਿ ਜਾਮ ਦੀ ਹਾਲਤ ਸਮੇਤ ਹੋਰ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੁਲਿਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਚਕੂਲਾ ਅਤੇ ਮੋਹਾਲੀ ਤੋਂ ਚੰਡੀਗੜ੍ਹ ਵਿਚ ਦਾਖ਼ਲ ਨਾ ਹੋਣ।
ਇਨ੍ਹਾਂ ਬਾਰਡਰਾਂ ਨੂੰ ਕੀਤਾ ਗਿਆ ਸੀਲ
ਕੈਂਬਵਾਲਾ ਟੀ-ਪੁਆਇੰਟ, ਸਾਰੰਗਪੁਰ ਬੈਰੀਅਰ, ਜੈਂਤੀ ਮਾਜਰਾ, ਸਾਰੰਗਪੁਰ ਆਈਆਰਬੀ ਕੰਪਲੈਕਸ, ਮਨੀਮਾਜਰਾ ਮਨਸਾ ਦੇਵੀ ਰੋਡ, ਪੰਚਕੂਲਾ ਸੈਕਟਰ-7 ਬੈਕ ਸਾਈਡ ਐਨਏਸੀ ਸ਼ੋਰੂਮ, ਸੈਕਟਰ-17 ਪੰਚਕੂਲਾ ਮੌਲੀਜਾਗਰਾਂ, ਸੈਕਟਰ17/18 ਪੰਚਕੂਲਾ ਮੌਲੀਜਾਗਰਾਂ ਰੋਡ, ਸੈਕਟਰ-52 ਸੀ ਅਤੇ ਡੀ ਡਿਵਾਇਡਿੰਗ ਰੋਡ, ਸੈਕਟਰ 52/ 53 ਡਿਵਾਇਡਿੰਗ ਰੋਡ, ਬਡਹੇੜੀ ਬੈਰੀਅਰ, ਸੈਕਟਰ 55/56 ਡਿਵਾਈਡਿੰਗ ਰੋਡ, ਮਲੋਆ ਤੋਂ ਤੋਗਾਂ ਸੜਕ, ਸੈਕਟਰ 48-ਸੀ/ਡੀ ਡਿਵਾਈਡਿੰਗ ਰੋਡ ਅਤੇ ਸੈਕਟਰ 49 ਸੀ/ਡੀ ਡਿਵਾਈਡਿੰਗ ਰੋਡ ਨੂੰ ਸੀਲ ਕਰ ਦਿਤਾ ਗਿਆ ਹੈ।
ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਡਰੋਨ ਨਾ ਹੋ ਰਹੀ ਹੈ ਨਿਗਰਾਨੀ : ਦੂਜੇ ਪਾਸੇ ਸ਼ਹਿਰ ਵਿਚ ਵੀ ਕਰਫ਼ਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤ ਹੋ ਗਈ ਹੈ। ਅਜਿਹੇ ਲੋਕਾਂ ਦੀ ਚੰਡੀਗੜ੍ਹ ਪੁਲਿਸ ਹੁਣ ਅਸਮਾਨ ਤੋਂ ਨਿਗਰਾਨੀ ਰੱਖ ਰਹੀ ਹੈ। ਮੰਗਲਵਾਰ ਨੂੰ ਐਸਐਸਪੀ ਚੰਡੀਗੜ੍ਹ ਨੀਲਾਂਬਰੀ ਜਗਦਲੇ ਸੈਕਟਰ 25 ਪਹੁੰਚੀ ਅਤੇ ਅਪਣੀ ਹਾਜ਼ਰੀ ਵਿਚ ਡਰੋਨ ਉਡਾ ਕੇ ਪੂਰੇ ਇਲਾਕੇ ਦੀ ਮਾਨੀਟਰਿੰਗ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਕ ਕਾਲੋਨੀ ਵਿਚ ਲੋਕ ਜ਼ਿਆਦਾਤਰ ਝੁੰਡ ਬਣਾ ਕੇ ਖੜੇ ਰਹਿੰਦੇ ਹਨ। ਪੁਲਿਸ ਪੈਟਰੋਲਿੰਗ ਗੱਡੀ ਦੀ ਆਵਾਜ਼ ਸੁਣ ਕੇ ਲੋਕ ਅਪਣੇ ਘਰਾਂ ਵਿਚ ਲੁੱਕ ਜਾਂਦੇ ਹਨ। ਅਜਿਹੇ ਲੋਕਾਂ ’ਤੇ ਨਜ਼ਰ ਰੱਖਣ ਲਈ ਡਰੋਨ ਦੀ ਮਦਦ ਲਈ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਵਲੋਂ ਪਹਿਲੇ ਪੜਾਅ ਵਿਚ ਤਿੰਨ ਡਰੋਨ ਉਤਾਰੇ ਗਏ ਹਨ। ਇਹ ਤਿੰਨ ਡਰੋਨ ਪੁਲਿਸ ਵਿਭਾਗ ਨੂੰ ਇੰਸਟੀਚੂਟ ਆਫ਼ ਡਰੋਨ ਵਲੋਂ ਤਿਆਰ ਕਰ ਕੇ ਚੰਡੀਗੜ੍ਹ ਪੁਲਿਸ ਨੂੰ ਦਿਤੇ ਗਏ ਹਨ। ਪੁਲਿਸ ਨੂੰ ਦਿਤੇ ਗਏ ਇਸ ਡਰੋਨ ਵਿਚ ਕੈਮਰੇ ਦੇ ਨਾਲ ਹੀ ਅਨਾਉਂਸਮੈਂਟ ਤਕ ਦੀ ਖਾਸ ਸਹੂਲਤ ਉਪਲੱਬਧ ਹੈ। ਜਿਸਦੇ ਨਾਲ ਕਿ ਪੁਲਿਸ ਬੜੇ ਸੌਖਾਲੇ ਤਰੀਕੇ ਨਾਲ ਨਿਗਰਾਨੀ ਹੇਠ ਅਨਾਉਸਮੈਂਟ ਵੀ ਕਰ ਸਕਦੀ ਹੈ।