
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੂੰ ਭਰੋਸਾ ਦਿਵਾਇਆ ਕਿ ਕੋਰੋਨਾ ਸੰਕਟ ਦੀ ਇਸ ਚੁਨੌਤੀਪੂਰਨ ਘੜੀ
ਨਵੀਂ ਦਿੱਲੀ, 20 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੂੰ ਭਰੋਸਾ ਦਿਵਾਇਆ ਕਿ ਕੋਰੋਨਾ ਸੰਕਟ ਦੀ ਇਸ ਚੁਨੌਤੀਪੂਰਨ ਘੜੀ ਵਿਚ ਭਾਰਤ ਸਿਹਤ ਅਤੇ ਆਰਥਕ ਚੁਨੌਤੀਆਂ ਨਾਲ ਸਿੱਝਣ ਵਿਚ ਉਸ ਦੇ ਦੇਸ਼ ਦਾ ਪੂਰਾ ਸਾਥ ਦੇਵੇਗਾ। ਮੋਦੀ ਨੇ ਸੋਮਵਾਰ ਸਵੇਰੇ ਸੋਲਿਹ ਨਾਲ ਗੱਲਬਾਤ ਕਰ ਕੇ ਆਰਥਕ ਅਤੇ ਸਿਹਤ ਖੇਤਰ ਲਈ ਪੈਦਾ ਚੁਨੌਤੀਆਂ ’ਤੇ ਵਿਚਾਰ-ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਟਵਿਟਰ ’ਤੇ ਕਿਹਾ, ‘ਭਾਰਤ ਅਤੇ ਮਾਲਦੀਵ ਵਿਚਾਲੇ ਆਪਸੀ ਸਬੰਧਾਂ ਨੇ ਦੋਹਾਂ ਦੇਸ਼ਾਂ ਦੇ ਸਾਂਝੇ ਦੁਸ਼ਮਣ ਨਾਲ ਇਕੱਠਿਆਂ ਲੜਨ ਦੇ ਸਾਡੇ ਸੰਕਲਪ ਨੂੰ ਮਜ਼ਬੂਤੀ ਦਿਤੀ ਹੈ।’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ, ਇਸ ਚੁਨੌਤੀਪੂਰਨ ਸਮੇਂ ਵਿਚ ਅਪਣੇ ਗੁਆਂਢੀ ਅਤੇ ਕਰੀਬੀ ਮਿੱਤਰ ਦੇਸ਼ ਨਾਲ ਖੜਾ ਰਹੇਗਾ।
File photo
ਅਧਿਕਾਰਤ ਬਿਆਨ ਮੁਤਾਬਕ ਮੋਦੀ ਨੇ ਕੋਰੋਨਾ ਸੰਕਟ ਕਾਰਨ ਸੈਰ ਸਪਾਟਾ ਆਧਾਰਤ ਮਾਲਦੀਵ ਦੀ ਅਰਥਵਿਸਥਾ ਸਾਹਮਣੇ ਪੈਦਾ ਚੁਨੌਤੀ ਦਾ ਜ਼ਿਕਰ ਕਰਦਿਆਂ ਸੋਲਿਹ ਨੂੰ ਭਰੋਸਾ ਦਿਵਾਇਆ ਕਿ ਆਰਥਕ ਅਤੇ ਸਿਹਤਮੰਦ ਖੇਤਰ ਵਿਚ ਹੋਏ ਨੁਕਸਾਨ ਨੂੰ ਘੱਟੋ ਘੱਟ ਕਰਨ ਲਈ ਭਾਰਤ ਮਾਲਦੀਵ ਦਾ ਸਹਿਯੋਗ ਕਰਨਾ ਜਾਰੀ ਰੱਖੇਗਾ। ਇਸ ਦੌਰਾਨ ਦੋਹਾਂ ਆਗੂਆਂ ਨੇ ਉਨ੍ਹਾਂ ਦੇ ਦੇਸ਼ਾਂ ਵਿਚ ਕੋਰੋਨਾ ਸੰਕਟ ਦੀ ਮੌਜੂਦਾ ਹਾਲਤ ਬਾਰੇ ਇਕ ਦੂਜੇ ਨੂੰ ਜਾਣੂੰ ਕਰਾਇਆ। ਸੋਲਿਹ ਨੇ ਮੋਦੀ ਨੂੰ ਦਸਿਆ ਕਿ ਭਾਰਤੀ ਡਾਕਟਰਾਂ ਦਾ ਦਲ ਪਹਲਾਂ ਹੀ ਮਾਲਦੀਵ ਪਹੁੰਚ ਗਿਆ ਸੀ, ਨਾਲ ਹੀ ਭਾਰਤ ਵਲੋਂ ਭੇਜੀਆਂ ਗਈਆਂ ਜ਼ਰੂਰੀ ਦਵਾਈਆਂ ਵੀ ਮਿਲ ਗਈਆਂ ਹਨ। ਇਸ ’ਤੇ ਮੋਦੀ ਨੇ ਖ਼ੁਸ਼ੀ ਪ੍ਰਗਟ ਕੀਤੀ। (ਏਜੰਸੀ)