
ਕਾਂਗਰਸ ਨੇ ਮਹਾਰਾਸ਼ਟਰ ਦੇ ਪਾਲਘਰ ਵਿਚ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਇਸ ਮਾਮਲੇ ਨੂੰ ਫ਼ਿਰੂਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਨਵੀਂ ਦਿੱਲੀ/ਮੁੰਬਈ, 20 ਅਪ੍ਰੈਲ : ਕਾਂਗਰਸ ਨੇ ਮਹਾਰਾਸ਼ਟਰ ਦੇ ਪਾਲਘਰ ਵਿਚ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਇਸ ਮਾਮਲੇ ਨੂੰ ਫ਼ਿਰੂਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਬੜੀ ਦੁਖਦਾਈ ਹੈ। ਉਨ੍ਹਾਂ ਕਿਹਾ, ‘ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀ ਸਥਾਨਕ ਆਦਿਵਾਸੀ ਹਨ। ਇਹ ਕਿਸੇ ਤਰ੍ਹਾਂ ਫ਼ਿਰਕੂ ਜਾਂ ਮੁਸਲਿਮ-ਹਿੰਦੂ ਮਾਮਲਾ ਨਹੀਂ ਜਿਵੇਂ ਕੁੱਝ ਲੋਕ ਇਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਹਰੇ ਹਨ।
ਭਾਜਪਾ ਅਤੇ ਇਸ ਦੇ ਕਾਰਕੁਨ, ਮੀਡੀਆ ਦਾ ਇਕ ਸਮੂਹ ਇਸ ਘਟਨਾ ਨੂੰ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।’ ਉਧਰ, ਕੇਂਦਰ ਸਰਕਾਰ ਨੇ ਇਸ ਘਟਨਾ ਸਬੰਧੀ ਮਹਾਰਾਸ਼ਟਰ ਸਰਕਾਰ ਕੋਲੋਂ ਰੀਪੋਰਟ ਮੰਗੀ ਹੈ। ਉਧਰ, ਮਹਾਰਾਸ਼ਟਰ ਦੀ ਸੱਤਾਧਿਰ ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਕਿ ਰਾਜ ਦੇ ਪਾਲਘਰ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਤਿੰਨ ਜਣਿਆਂ ਦੀ ਭੀੜ ਦੁਆਰਾ ਕੁੱਟ-ਕੁੱਟ ਕੇ ਹਤਿਆ ਕੀਤੇ ਜਾਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਬਹੁਤੇ ਮੁਲਜ਼ਮ ਭਾਜਪਾ ਦੇ ਮੈਂਬਰ ਹਨ।
File photo
ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸਚਿਨ ਸਾਵੰਤ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਇਸ ਮਾਮਲੇ ਵਿਚ ਫ਼ਿਰਕੂ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਟਵਿਟਰ ’ਤੇ ਕਿਹਾ, ‘ਘਟਨਾ ਨਾਲ ਸਬੰਧਤ ਪਿੰਡ ਦਿਵਾਸੀ ਗੜਚਿੰਚਲੇ ਭਿਤਲੇ 10 ਸਾਲਾਂ ਤੋਂ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ। ਮੌਜੂਦਾ ਸਰਪੰਚ ਵੀ ਭਾਜਪਾ ਦਾ ਹੈ। ਗ੍ਰਿਫ਼ਤਾਰ ਮੁਲਜ਼ਮ ਭਾਜਪਾ ਦੇ ਮੈਂਬਰ ਹਨ।’
ਭਾਜਪਾ ਦੀ ਪ੍ਰਦੇਸ਼ ਇਕਾਈ ਨੇ ਸਾਵੰਤ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਲਘਰ ਦੀ ਘਟਨਾ 16 ਅਪ੍ਰੈਲ ਦੀ ਰਾਤ ਨੂੰ ਵਾਪਰੀ ਸੀ ਜਦ ਭੀੜ ਨੇ ਚੋਰ ਹੋਣ ਦੇ ਸ਼ੱਕ ’ਚ ਤਿੰਨ ਜਣਿਆਂ ਦੀ ਕੁੱਟ-ਕੁੱਟ ਕੇ ਹਤਿਆ ਕਰ ਦਿਤੀ ਸੀ। ਮ੍ਰਿਤਕਾਂ ਵਿਚ ਜੂਨਾ ਅਖਾੜਾ ਦੇ ਦੋ ਸੰਤ ਵੀ ਸ਼ਾਮਲ ਸਨ। ਖ਼ਬਰਾਂ ਮੁਤਾਬਕ ਕੁੱਝ ਨਾਬਾਲਗਾਂ ਸਣੇ 100 ਤੋਂ ਵੱਧ ਲੋਕਾਂ ਨੂੰ ਪੁਲਿਸ ਨੇ ਘਟਨਾ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।(ਏਜੰਸੀ)