
ਪ੍ਰਵਾਸੀ ਮਜ਼ਦਰ ਟਿਕੇ ਰਹਿਣ, ਘਰ ਨਾ ਪਰਤਣ, ਵੈਕਸੀਨੇਸ਼ਨ, ਆਕਸੀਜਨ, ਵੈਂਟੀਲੇਟਰਾਂ ਆਦਿ ਦਾ ਪ੍ਰਬੰਧ ਤੇਜ਼ ਕਰਾਂਗੇ
ਨਵੀਂ ਦਿੱਲੀ: ਅੱਜ ਰਾਤ ਪੌਣੇ ਨੌਂ ਵਜੇ, ਪ੍ਰਧਾਨ ਮੰਤਰੀ ਨੇ ਕੌਮ ਨੂੰ ਇਕ ਵਿਸ਼ੇਸ਼ ਸੰਬੋਧਨ ਕਰ ਕੇ ਵਿਸ਼ਵਾਸ ਦਿਵਾਇਆ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਵੈਕਸੀਨੇਸ਼ਨ, ਆਕਸੀਜਨ, ਵੈਂਟੀਲੇਟਰਾਂ ਆਦਿ ਦਾ ਪ੍ਰਬੰਧ ਕਰਨ ਵਿਚ ਸਰਕਾਰ ਹੋਰ ਤੇਜ਼ੀ ਲਿਆਏਗੀ ਪਰ ਰਾਜਾਂ ਨੂੰ ਵੀ ਉਨ੍ਹਾਂ ਸਲਾਹ ਦਿਤੀ ਕਿ ਇਸ ਵਾਰ ਉਹ ਤਾਲਾਬੰਦੀ (ਲਾਕਡਾਊਨ) ਨੂੰ ਅੰਤਮ ਚਾਰੇ ਵਜੋਂ ਹੀ ਸਮਝਣ ਤੇ ਕੋਸ਼ਿਸ਼ ਕਰਨ ਕਿ ਤਾਲਾਬੰਦੀ ਨਾ ਹੀ ਕਰਨੀ ਪਵੇ ਤੇ ਜੇ ਕਰਨੀ ਪੈ ਵੀ ਜਾਵੇ ਤਾਂ ਆਖ਼ਰੀ ਚਾਰੇ ਵਜੋਂ ਹੀ ਕੀਤੀ ਜਾਏ।
PM Modi
ਪ੍ਰਧਾਨ ਮੰਤਰੀ, ਅਸਲ ਵਿਚ ਮਜ਼ਦੂਰਾਂ ਵਲੋਂ ਘਰ-ਵਾਪਸੀ ਦੀਆਂ ਖ਼ਬਰਾਂ ਤੋਂ ਆਹਤ ਹੋ ਕੇ ਹੀ ਕੌਮ ਨੂੰ ਸੰਬੋਧਨ ਕਰਨ ਲਈ ਆਏ ਤੇ ਉਨ੍ਹਾਂ ਨੇ ਮਜ਼ਦੂਰਾਂ ਨੂੰ ਕਿਹਾ ਕਿ ਉਹ ਜਿਥੇ ਕੰਮ ਕਰਦੇ ਹਨ, ਉਥੇ ਹੀ ਟਿਕੇ ਰਹਿਣ ਪਰ ਅਪਣੇ ਵਲੋਂ ਕੋਈ ਸਹਾਇਤਾ ਦੇਣ ਦਾ ਐਲਾਨ ਉਹ ਨਾ ਕਰ ਸਕੇ।
ਮਜ਼ਦੂਰਾਂ ਵਲੋਂ ਘਰ ਵਾਪਸੀ ਦਾ ਮਾੜਾ ਅਸਰ ਪਿਛਲੇ ਸਾਲ ਭਾਰਤ ਵੇਖ ਚੁਕਿਆ ਹੈ ਤੇ ਆਸ ਕੀਤੀ ਜਾਂਦੀ ਸੀ ਕਿ ਇਸ ਵਾਰ ਮਜ਼ਦੂਰਾਂ ਨੂੰ ਕੰਮ ਦੀ ਥਾਂ ਤੇ ਟਿਕੇ ਰਹਿਣ ਲਈ ਕਹਿਣ ਦੇ ਨਾਲ ਨਾਲ ਕੁੱਝ ਮਦਦ ਤੇ ਸੁਰੱਖਿਆ ਦਾ ਐਲਾਨ ਵੀ ਜ਼ਰੂਰ ਕਰਨਗੇ ਤਾਂ ਕਿ ਮਜ਼ਦੂਰ ਅਪਣੀ ਰੋਟੀ ਬਾਰੇ ਵੀ ਚਿੰਤਾ ਮੁਕਤ ਹੋ ਸਕਣ ਤੇ ਪਿੱਛੇ ਘਰਦਿਆਂ ਨੂੰ ਕੁੱਝ ਭੇਜਦੇ ਰਹਿਣ ਵਾਲੀ ਹਾਲਤ ਵਿਚ ਵੀ ਬਣੇ ਰਹਿਣ।
Migrants Workers
ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚ ਇਹ ਭਰੋਸਾ ਨਾ ਦਿਤਾ ਵੇਖ ਕੇ ਮਜ਼ਦੂਰਾਂ ਨੂੰ ਡਾਢਾ ਦੁਖ ਹੋਇਆ ਹੈ ਤੇ ਉਨ੍ਹਾਂ ਦੇ ਪਿੱਛੇ ਮੁੜਦੇ ਪੈਰ, ਮੁੜ ਤੋਂ ‘ਘਰ ਵਾਪਸੀ’ ਵਲ ਹੀ ਵਧਦੇ ਨਜ਼ਰ ਆ ਰਹੇ ਹਨ ਤੇ ਮਜ਼ਦੂਰ ਆਗੂ ਨਿਰਾਸ਼ਾ ਹੀ ਪ੍ਰਗਟ ਕਰ ਰਹੇ ਹਨ।