
27 ਅਤੇ 28 ਅਪ੍ਰੈਲ ਨੂੰ ਜਵਾਬ ਲੈਣ ਲਈ ਦਿੱਲੀ ਬੁਲਾਇਆ
ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਸੀਬੀਆਈ ਨੇ ਪੇਸ਼ ਹੋਣ ਲਈ ਕਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮਲਿਕ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਇਸ ਮਾਮਲੇ 'ਚ ਕੁਝ ਗੱਲਾਂ 'ਤੇ ਮੇਰੇ ਤੋਂ ਸਪੱਸ਼ਟੀਕਰਨ ਚਾਹੁੰਦੇ ਹਨ। ਉਨ੍ਹਾਂ ਨੇ ਮੈਨੂੰ ਜ਼ੁਬਾਨੀ ਤੌਰ 'ਤੇ ਆਪਣੀ ਸਹੂਲਤ ਅਨੁਸਾਰ 27 ਅਤੇ 28 ਅਪ੍ਰੈਲ ਨੂੰ ਹਾਜ਼ਰ ਹੋਣ ਲਈ ਕਿਹਾ ਹੈ।
ਹਾਲਾਂਕਿ ਹੁਣ ਤੱਕ ਸੀਬੀਆਈ ਨੇ ਸਤਿਆਪਾਲ ਮਲਿਕ ਦੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ ਵਿੱਚ ਸੀਬੀਆਈ ਨੇ ਰਿਲਾਇੰਸ ਬੀਮਾ ਘੁਟਾਲਾ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ।
ਰਿਲਾਇੰਸ ਬੀਮਾ ਘੁਟਾਲਾ ਮਾਮਲੇ ਵਿੱਚ ਸੀਬੀਆਈ ਵੱਲੋਂ ਸਤਿਆਪਾਲ ਮਲਿਕ ਨੂੰ ਸੰਮਨ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਟਵੀਟ ਕੀਤਾ ਕਿ ਆਖਰ ਪ੍ਰਧਾਨ ਮੰਤਰੀ ਮੋਦੀ ਨਾਲ ਨਹੀਂ ਰਹਿ ਸਕਦੇ। ਸਤਿਆਪਾਲ ਮਲਿਕ ਨੇ ਦੇਸ਼ ਦੇ ਸਾਹਮਣੇ ਉਨ੍ਹਾਂ ਦਾ ਪਰਦਾਫਾਸ਼ ਕੀਤਾ ਹੈ। ਹੁਣ ਸੀਬੀਆਈ ਨੇ ਮਲਿਕ ਜੀ ਨੂੰ ਬੁਲਾਇਆ ਹੈ। ਇਹ ਤਾਂ ਹੋਣਾ ਹੀ ਸੀ।
ਇਸ ਮਾਮਲੇ ਬਾਰੇ ਸਤਿਆਪਾਲ ਮਲਿਕ ਨੇ ਟਵੀਟ ਵੀ ਕੀਤਾ ਹੈ ਜਿਸ ਵਿਚ ਉਨ੍ਹਾਂ ਲਿਖਿਆ, ''ਮੈਂ ਸੱਚ ਬੋਲ ਕੇ ਕੁਝ ਲੋਕਾਂ ਦੇ ਪਾਪ ਉਜਾਗਰ ਕੀਤੇ ਹਨ। ਸ਼ਾਇਦ ਇਸ ਲਈ ਬੁਲਾਵਾ ਆਇਆ ਹੈ। ਮੈਂ ਕਿਸਾਨ ਦਾ ਪੁੱਤਰ ਹਾਂ, ਘਬਰਾਵਾਂਗਾ ਨਹੀਂ। ਸੱਚਾਈ ਦੇ ਨਾਲ ਖੜ੍ਹਾ ਹਾਂ।'' ਇਸ ਦੇ ਨਾਲ ਹੀ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ CBI ਨੂੰ ਆਪਣੇ ਟਵੀਟ ਵਿਚ ਟੈਗ ਵੀ ਕੀਤਾ ਹੈ।
ਇਹ ਵੀ ਪੜ੍ਹੋ: ਰੋਜ਼ੀ ਰੋਟੀ ਲਈ ਇਟਲੀ ਗਏ ਭਾਰਤੀ ਦੀ ਹੋਈ ਮੌਤ
ਜ਼ਿਕਰਯੋਗ ਹੈ ਕਿ ਸੱਤਿਆਪਾਲ ਮਲਿਕ ਨੂੰ 2018 ਵਿੱਚ ਜੰਮੂ-ਕਸ਼ਮੀਰ ਦੇ ਰਾਜਪਾਲ ਸਨ। ਮਲਿਕ ਦੇ ਕਾਰਜਕਾਲ ਦੌਰਾਨ ਹੀ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਜਪਾਲ ਬਣਾ ਕੇ ਮੇਘਾਲਿਆ ਭੇਜਿਆ ਗਿਆ। ਪਰ ਇਸ ਦੌਰਾਨ ਉਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ 23 ਅਗਸਤ, 2018 ਤੋਂ 30 ਅਕਤੂਬਰ, 2019 ਦਰਮਿਆਨ ਜੰਮੂ-ਕਸ਼ਮੀਰ ਦੇ ਰਾਜਪਾਲ ਵਜੋਂ ਆਪਣੇ ਕਾਰਜਕਾਲ ਦੌਰਾਨ ਦੋ ਫਾਈਲਾਂ ਨੂੰ ਕਲੀਅਰ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।
ਉਨ੍ਹਾਂ ਕਿਹਾ ਸੀ ਕਿ ਕਸ਼ਮੀਰ ਜਾਣ ਤੋਂ ਬਾਅਦ ਉਨ੍ਹਾਂ ਕੋਲ ਦੋ ਫਾਈਲਾਂ ਮਨਜ਼ੂਰੀ ਲਈ ਆਈਆਂ ਸਨ। ਇਹਨਾਂ ਵਿੱਚੋਂ ਇੱਕ ਫਾਈਲ ਅੰਬਾਨੀ ਦੀ ਸੀ ਅਤੇ ਦੂਜੀ ਇੱਕ ਆਰਐਸਐਸ ਦੀ ਸੀ ਜੋ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪਿਛਲੀ ਪੀਡੀਪੀ-ਭਾਜਪਾ ਗੱਠਜੋੜ ਸਰਕਾਰ ਵਿੱਚ ਮੰਤਰੀ ਸੀ ਅਤੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਦੇ ਬਹੁਤ ਨੇੜੇ ਹੋਣ ਦਾ ਦਾਅਵਾ ਕਰਦਾ ਸੀ।
ਮਲਿਕ ਨੇ ਕਿਹਾ ਸੀ ਕਿ ਮੈਨੂੰ ਦੋਵਾਂ ਵਿਭਾਗਾਂ ਦੇ ਸਕੱਤਰਾਂ ਨੇ ਸੂਚਿਤ ਕੀਤਾ ਸੀ ਕਿ ਇਹ ਘੁਟਾਲਾ ਹੈ ਅਤੇ ਉਸ ਅਨੁਸਾਰ ਮੈਂ ਦੋਵੇਂ ਸੌਦੇ ਰੱਦ ਕਰ ਦਿੱਤੇ ਹਨ। ਮਲਿਕ ਨੇ ਇਹ ਵੀ ਦੱਸਿਆ ਸੀ ਕਿ ਸਕੱਤਰਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਤੁਹਾਨੂੰ ਹਰੇਕ ਫਾਈਲ ਨੂੰ ਪਾਸ ਕਰਨ ਲਈ 150 ਕਰੋੜ ਰੁਪਏ ਮਿਲਣਗੇ।