
Ulgulan Nyay rally in Ranchi : ਵਿਰੋਧੀ ਗੱਠਜੋੜ ‘ਇੰਡੀਆ’ ਤੋਂ ਵੱਖ ਹੋਣ ਤੋਂ ਇਨਕਾਰ ਕਰਨ ’ਤੇ ਹੇਮੰਤ ਸੋਰੇਨ ਨੂੰ ਜੇਲ੍ਹ ਭੇਜਿਆ ਗਿਆ : ਖੜਗੇ
Ulgulan Nyay rally in Ranchi : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਦਹਿਸ਼ਤ ’ਚ ਪਾਉਣ ਦੀ ਕੋਸ਼ਿਸ਼ ਕਰਨ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਵਿਰੋਧੀ ਗੱਠਜੋੜ ‘ਇੰਡੀਆ’ ਤੋਂ ਵੱਖ ਹੋਣ ਦੀ ਬਜਾਏ ਜੇਲ੍ਹ ਜਾਣ ਨੂੰ ਤਰਜੀਹ ਦਿੰਦੇ ਹਨ।
ਉਹ ਇੱਥੇ ਪ੍ਰਭਾਤ ਤਾਰਾ ਮੈਦਾਨ ’ਚ ਵਿਰੋਧੀ ਗੱਠਜੋੜ ‘ਇੰਡੀਆ’ ਦੀ ‘ਉਲਗੁਲਾਨ ਨਿਆਂ’ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿਚ ਵਿਰੋਧੀ ਗੱਠਜੋੜ ‘ਇੰਡੀਆ’ ਦੀਆਂ 28 ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਖੜਗੇ ਤੋਂ ਇਲਾਵਾ ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਜੇ.ਐਮ.ਐਮ. ਸੁਪਰੀਮੋ ਸ਼ਿਬੂ ਸੋਰੇਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਅਤੇ ਹੋਰ ਆਗੂ ਰੈਲੀ ’ਚ ਸ਼ਾਮਲ ਹੋਏ।
ਖੜਗੇ ਨੇ ਕਿਹਾ ਕਿ ਹੇਮੰਤ ਸੋਰੇਨ ਨੂੰ ਵਿਰੋਧੀ ਗੱਠਜੋੜ ‘ਇੰਡੀਆ’ ਤੋਂ ਵੱਖ ਹੋਣ ਤੋਂ ਇਨਕਾਰ ਕਰਨ ’ਤੇ ਜੇਲ੍ਹ ਭੇਜਿਆ ਗਿਆ ਸੀ। ਉਨ੍ਹਾਂ ਕਿਹਾ, ‘‘ਹੇਮੰਤ ਸੋਰੇਨ ਇਕ ਬਹਾਦਰ ਆਦਮੀ ਹੈ ਜਿਸ ਨੇ ਝੁਕਣ ਦੀ ਬਜਾਏ ਜੇਲ੍ਹ ਜਾਣਾ ਪਸੰਦ ਕੀਤਾ। ਜੇ ਭਾਜਪਾ ਆਦਿਵਾਸੀਆਂ ਨੂੰ ਦਹਿਸ਼ਤਗਰਦ ਕਰਨਾ ਜਾਰੀ ਰਖਦੀ ਹੈ, ਤਾਂ ਇਸ ਦਾ ਸਫਾਇਆ ਹੋ ਜਾਵੇਗਾ।’’ ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ ਨੇਤਾ ਸੋਰੇਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਤੁਰਤ ਬਾਅਦ ਕਥਿਤ ਜ਼ਮੀਨ ਧੋਖਾਧੜੀ ਨਾਲ ਜੁੜੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ 31 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ।
ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ’ਤੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਅਤੇ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਸੱਦਾ ਨਾ ਦੇ ਕੇ ਉਨ੍ਹਾਂ ਅਤੇ ਆਦਿਵਾਸੀ ਭਾਈਚਾਰੇ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਭਾਜਪਾ ਆਦਿਵਾਸੀਆਂ ਨੂੰ ਅਛੂਤ ਮੰਨਦੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) 150 ਤੋਂ 180 ਸੀਟਾਂ ’ਤੇ ਸਿਮਟ ਜਾਵੇਗੀ।
ਭਾਜਪਾ ਸਰਕਾਰ ਮੇਰੇ ਪਤੀ ਨੂੰ ਇਨਸੁਲਿਨ ਨਾ ਦੇ ਕੇ ਜੇਲ ’ਚ ਮਾਰਨਾ ਚਾਹੁੰਦੀ ਹੈ : ਸੁਨੀਤਾ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਉਨ੍ਹਾਂ ਦੇ ਪਤੀ ਨੂੰ ਇਨਸੁਲਿਨ ਨਾ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਸਰਕਾਰ ਉਨ੍ਹਾਂ (ਅਰਵਿੰਦ ਕੇਜਰੀਵਾਲ) ਨੂੰ ਮਾਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਭਾਜਪਾ ਦੀ ਤਾਨਾਸ਼ਾਹੀ ਵਿਰੁਧ ਲੜੇਗਾ ਅਤੇ ਜਿੱਤੇਗਾ। ਸੁਨੀਤਾ ਕੇਜਰੀਵਾਲ ‘ਉਲਗੁਲਾਨ ਨਿਆਂ’ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿਚ ਵਿਰੋਧੀ ਗੱਠਜੋੜ ‘ਇੰਡੀਆ’ ਦੀਆਂ 28 ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਸੁਨੀਤਾ ਨੇ ਇਥੇ ‘ਉਲਗੁਲਾਨ ਨਿਆਂ’ ਰੈਲੀ ’ਚ ਕਿਹਾ, ‘‘ਉਹ ਮੇਰੇ ਪਤੀ ਅਰਵਿੰਦ ਕੇਜਰੀਵਾਲ ਨੂੰ ਮਾਰਨਾ ਚਾਹੁੰਦੇ ਹਨ। ਕੈਮਰਿਆਂ ਰਾਹੀਂ ਉਨ੍ਹਾਂ ਦੇ ਖਾਣੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਇਨਸੁਲਿਨ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਹੈ। ਮੇਰਾ ਪਤੀ ਸ਼ੂਗਰ ਦਾ ਮਰੀਜ਼ ਹੈ ਜੋ 12 ਸਾਲਾਂ ਤੋਂ ਇਨਸੁਲਿਨ ’ਤੇ ਹੈ ਅਤੇ ਉਸਨੂੰ ਰੋਜ਼ਾਨਾ 50 ਯੂਨਿਟ ਇਨਸੁਲਿਨ ਦੀ ਲੋੜ ਹੁੰਦੀ ਹੈ।’’
ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਨੂੰ ਲੋਕਾਂ ਲਈ ਕੰਮ ਕਰਨ ਲਈ ਜੇਲ੍ਹ ਭੇਜਿਆ ਗਿਆ ਸੀ ਅਤੇ ਉਨ੍ਹਾਂ ਵਿਰੁਧ ਕੋਈ ਦੋਸ਼ ਸਾਬਤ ਨਹੀਂ ਹੋ ਸਕਿਆ। ਉਨ੍ਹਾਂ ਕਿਹਾ, ‘‘ਅਸੀਂ ਤਾਨਾਸ਼ਾਹੀ ਵਿਰੁਧ ਲੜਾਂਗੇ ਅਤੇ ਜਿੱਤਾਂਗੇ। ਜੇਲ੍ਹ ਦੇ ਤਾਲੇ ਟੁੱਟਣਗੇ ਅਤੇ ਅਰਵਿੰਦ ਕੇਜਰੀਵਾਲ ਤੇ ਹੇਮੰਤ ਸੋਰੇਨ ਛੁੱਟਣਗੇ।’’
ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 21 ਮਾਰਚ ਨੂੰ ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਇਹ ਨੀਤੀ ਹੁਣ ਰੱਦ ਕਰ ਦਿਤੀ ਗਈ ਹੈ। ਈ.ਡੀ. ਨੇ ਕਥਿਤ ਜ਼ਮੀਨ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ 31 ਜਨਵਰੀ ਦੀ ਰਾਤ ਨੂੰ ਹੇਮੰਤ ਸੋਰੇਨ ਨੂੰ ਵੀ ਗ੍ਰਿਫਤਾਰ ਕੀਤਾ ਸੀ।
ਸੁਨੀਤਾ ਕੇਜਰੀਵਾ ਨੇ ਕਿਹਾ, ‘‘ਮੇਰੇ ਪਤੀ ਨੂੰ ਸਲਾਖਾਂ ਪਿੱਛੇ ਸੁੱਟ ਦਿਤਾ ਗਿਆ ਹੈ। ਉਹ ਬਿਨਾਂ ਕਿਸੇ ਕਸੂਰ ਦੇ ਸਿਆਸੀ ਸਾਜ਼ਸ਼ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ। ਮੇਰਾ ਪਤੀ ਦੇਸ਼ ਭਗਤ ਹਨ। ਉਹ ਅਪਣੇ ਦੇਸ਼ ਨੂੰ ਪਿਆਰ ਕਰਦੇ ਹਨ, ਸੱਤਾ ਨੂੰ ਨਹੀਂ।’’
ਸੁਨੀਤਾ ਨੇ ਦਾਅਵਾ ਕੀਤਾ ਕਿ ਉਸ ਦਾ ਪਤੀ ‘ਸ਼ੇਰ’ ਹੈ ਜੋ ਤਾਨਾਸ਼ਾਹੀ ਤਾਕਤਾਂ ਅੱਗੇ ਨਹੀਂ ਝੁਕੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਜੇਲ੍ਹ ਤੋਂ ਲੋਕਾਂ ਨੂੰ ਭ੍ਰਿਸ਼ਟ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੰਦੇਸ਼ ਦਿਤਾ ਅਤੇ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਅਤੇ ਲੋਕ ਮਿਲ ਕੇ ਇਕ ਮਹਾਨ ਦੇਸ਼ ਬਣਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਾਰਤ ਗੱਠਜੋੜ ਸੱਤਾ ’ਚ ਆਉਂਦਾ ਹੈ ਤਾਂ ਗਰੀਬਾਂ ਨੂੰ 24 ਘੰਟੇ ਮੁਫਤ ਬਿਜਲੀ ਮਿਲੇਗੀ।
ਲੋਕਤੰਤਰ ਨੂੰ ਅਸਫਲ ਨਹੀਂ ਹੋਣ ਦਿਤਾ ਜਾਵੇਗਾ : ਹੇਮੰਤ ਸੋਰੇਨ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਜੇਲ੍ਹ ਤੋਂ ਭੇਜੇ ਸੰਦੇਸ਼ ’ਚ ਦਾਅਵਾ ਕੀਤਾ ਕਿ ਭਾਜਪਾ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਸੂਬਿਆਂ ’ਚ ਸਰਕਾਰਾਂ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕਤੰਤਰ ਨੂੰ ਅਸਫਲ ਨਹੀਂ ਹੋਣ ਦਿਤਾ ਜਾਵੇਗਾ। ਹੇਮੰਤ ਦੀ ਪਤਨੀ ਕਲਪਨਾ ਸੋਰੇਨ ਨੇ ਐਤਵਾਰ ਨੂੰ ਇੱਥੇ ਇਕ ਵਿਸ਼ਾਲ ਰੈਲੀ ’ਚ ਉਨ੍ਹਾਂ ਦਾ ਸੰਦੇਸ਼ ਪੜ੍ਹਿਆ।
ਉਨ੍ਹਾਂ ਕਿਹਾ, ‘‘ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੇਰੇ ਪਤੀ ਹੇਮੰਤ ਸੋਰੇਨ ਨੂੰ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਤਾਕਤਾਂ ਨੇ ਜੇਲ੍ਹ ਭੇਜ ਦਿਤਾ ਸੀ ਜੋ ਉਨ੍ਹਾਂ ਦੀਆਂ ਸਰਕਾਰਾਂ ਵਿਰੁਧ ਸਾਜ਼ਸ਼ ਰਚ ਰਹੀਆਂ ਸਨ।’’ ਹੇਮੰਤ ਦਾ ਸੰਦੇਸ਼ ਪੜ੍ਹਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਈ.ਡੀ. ਅਤੇ ਸੀ.ਬੀ.ਆਈ. ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਰ ਭਾਜਪਾ ਅਤੇ ਅਜਿਹੀਆਂ ਤਾਕਤਾਂ ਨੂੰ ਝਾਰਖੰਡ ਤੋਂ ਬਾਹਰ ਕੱਢ ਦਿਤਾ ਜਾਵੇਗਾ।
ਕਲਪਨਾ ਸੋਰੇਨ ਦੇ ਗੰਡੇਆ ਵਿਧਾਨ ਸਭਾ ਸੀਟ ’ਤੇ ਉਪ ਚੋਣ ਲੜਨ ਦੀ ਸੰਭਾਵਨਾ ਹੈ, ਜਿੱਥੇ 20 ਮਈ ਨੂੰ ਵੋਟਾਂ ਪੈਣਗੀਆਂ। ਲੋਕਾਂ ਨੂੰ ਚੋਣਾਂ ’ਚ ਭਾਜਪਾ ਨੂੰ ਹਰਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪਾਰਟੀ ਮੌਜੂਦਾ ਚੋਣਾਂ ਜਿੱਤਦੀ ਹੈ ਤਾਂ ਇਹ ਆਦਿਵਾਸੀਆਂ ਲਈ ਵੱਡਾ ਖਤਰਾ ਹੋਵੇਗਾ।
ਸੁਨੀਤਾ ਕੇਜਰੀਵਾਲ ਨੇ ਲੋਕਾਂ ਨੂੰ ਤਾਨਾਸ਼ਾਹੀ ਵਿਰੁਧ ਜੰਗ ਛੇੜਨ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਤਸ਼ੱਦਦ ਲੰਮੇ ਸਮੇਂ ਤਕ ਨਹੀਂ ਚੱਲੇਗਾ ਅਤੇ ਉਸ ਦੇ ਪਤੀ ਨੂੰ ਲੰਮੇ ਸਮੇਂ ਤਕ ਸਲਾਖਾਂ ਪਿੱਛੇ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਚੋਣਾਂ ਜਿੱਤਣ ਤੋਂ ਬਾਅਦ ਨਿਰਵਿਘਨ ਬਿਜਲੀ ਸਪਲਾਈ, ਗਰੀਬਾਂ ਲਈ ਮੁਫਤ ਬਿਜਲੀ, ਸਰਕਾਰੀ ਸਕੂਲ, ਮੁਹੱਲਾ ਕਲੀਨਿਕ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਮੁਹੱਈਆ ਕਰਵਾਇਆ ਜਾਵੇਗਾ।
ਇਹ ਕੋਈ ਸਿਆਸੀ ਰੈਲੀ ਨਹੀਂ, ਅਸੀਂ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਦਾ ਅਹਿਦ ਲੈਣ ਲਈ ਇਕੱਠੇ ਹੋਏ ਹਾਂ : ਮੁੱਖ ਮੰਤਰੀ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਂਚੀ ’ਚ ਹੋਈ ‘ਇੰਡੀਆ’ ਗੱਠਜੋੜ ਦੀ ਰੈਲੀ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਸੰਵਿਧਾਨ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਅੱਜ ਦੀ ਰੈਲੀ ਕੋਈ ਸਿਆਸੀ ਰੈਲੀ ਜਾਂ ਸ਼ਕਤੀ ਪ੍ਰਦਰਸ਼ਨ ਨਹੀਂ ਬਲਕਿ ਸੰਵਿਧਾਨ ਅਤੇ ਦੇਸ਼ ਨੂੰ ਬਚਾਉਣ ਦੀ ਰੈਲੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਸੂਰ ਸਿਰਫ਼ ਏਨਾ ਸੀ ਕਿ ਉਹ ਗ਼ਰੀਬਾਂ ਲਈ ਹਸਪਤਾਲ, ਸਿੱਖਿਆ, ਰੁਜ਼ਗਾਰ ਦੇਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਬਿਜਲੀ, ਮੁਢਲਾ ਢਾਂਚਾ, ਔਰਤਾਂ ਨੂੰ ਮੁਫ਼ਤ ਸਫ਼ਰ ਦੀਆਂ ਸਹੂਲਤਾਂ ਦੇਣਾ ਚਾਹੁੰਦੇ ਸਨ। ਉਨ੍ਹਾਂ ਕਿਹਾ, ‘‘ਭਾਜਪਾ ਸੋਚਦੀ ਹੈ ਕਿ ਕਿਸੇ ਨੂੰ ਜੇਲ੍ਹ ਵਿੱਚ ਪਾ ਕੇ ਉਹ ਚੋਣਾਂ ਜਿੱਤ ਜਾਣਗੇ। ਪਰ ਉਹ ਉਨ੍ਹਾਂ ਦੀ ਸੋਚ ਨੂੰ ਕੈਦ ਨਹੀਂ ਕਰ ਸਕਣਗੇ।’’ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ ‘ਮੋਦੀ ਲਹਿਰ’ ਦਾ ਇੰਨਾ ਹੀ ਭਰੋਸਾ ਹੈ ਤਾਂ ਕੇਜਰੀਵਾਲ ਅਤੇ ਸੋਰੇਨ ਨੂੰ ਜੇਲ੍ਹ ਵਿੱਚ ਕਿਉਂ ਸੁੱਟਿਆ ਗਿਆ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ‘ਇੰਡੀਆ’ ਗਠਜੋੜ ਨੂੰ ਪਹਿਲੇ ਪੜਾਅ ਦੀ ਵੋਟਿੰਗ ’ਚ 80 ਤੋਂ 90 ਸੀਟਾਂ ਮਿਲਣਗੀਆਂ। ਉਨ੍ਹਾਂ ਕਿਹਾ, ‘‘ਉਹ (ਭਾਜਪਾ ਲੀਡਰ) ਪਹਿਲੇ ਪੜਾਅ ਦੀ ਵੋਟਿੰਗ ਤੋਂ ਹਿੱਲ ਗਏ ਹਨ।’’ ਉਨ੍ਹਾਂ ਮੰਚ ’ਤੇ ਕੇਜਰੀਵਾਲ ਅਤੇ ਸੋਰੇਨ ਲਈ ਮਾਣ ਵਜੋਂ ਖ਼ਾਲੀ ਰਖੀਆਂ ਕੁਰਸੀਆਂ ਵਲ ਇਸ਼ਾਰਾ ਕਰਦਿਆ ਕਿਹਾ ਕਿ ਇਹ ਖ਼ਾਲੀ ਦੋ ਕੁਰਸੀਆਂ ਹੀ ਭਾਜਪਾ ਦੀਆਂ ਸਾਰੀਆਂ ਕੁਰਸੀਆਂ ਖ਼ਾਲੀ ਕਰਵਾਉਣਗੀਆਂ।
‘ਇੰਡੀਆ’ ਰੈਲੀ ’ਚ ਅਰਵਿੰਦ ਕੇਜਰੀਵਾਲ ਤੇ ਹੇਮੰਤ ਸੋਰੇਨ ਲਈ ਮੰਚ ’ਤੇ ਕੁਰਸੀਆਂ ਖ਼ਾਲੀ ਰੱਖੀਆਂ ਗਈਆਂ
ਰਾਂਚੀ ’ਚ ‘ਇੰਡੀਆ’ ਗੱਠਜੋੜ ਦੀ ਰੈਲੀ ਦੌਰਾਨ ਮੰਚ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਲਈ ਦੋ ਕੁਰਸੀਆਂ ਖਾਲੀ ਰੱਖੀਆਂ ਗਈਆਂ ਸਨ। ਕੇਜਰੀਵਾਲ ਅਤੇ ਸੋਰੇਨ ਵੱਖ-ਵੱਖ ਮਾਮਲਿਆਂ ’ਚ ਜੇਲ੍ਹ ’ਚ ਹਨ। ‘ਉਲਗੁਲਾਨ ਨਿਆਂ ਮਹਾਰੈਲੀ’ ਨੂੰ ਮੁੱਖ ਤੌਰ ’ਤੇ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਨੇ ਕਰਵਾਇਆ। ਵੱਡੀ ਗਿਣਤੀ ’ਚ ਪਾਰਟੀ ਵਰਕਰ ਸੋਰੇਨ ਦਾ ‘ਮੁਖੌਟਾ’ ਪਾਈ ਨਜ਼ਰ ਆਏ। ਸੋਰੇਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ਜ਼ਮੀਨ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ 31 ਜਨਵਰੀ ਦੀ ਰਾਤ ਨੂੰ ਗ੍ਰਿਫਤਾਰ ਕੀਤਾ ਸੀ। ਈ.ਡੀ. ਨੇ 21 ਮਾਰਚ ਨੂੰ ਕੇਜਰੀਵਾਲ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਇਕ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਰੈਲੀ ਦੌਰਾਨ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸਟੇਜ ’ਤੇ ਬੈਠੇ ਸਨ, ਜਦਕਿ ਉਨ੍ਹਾਂ ਦੇ ਪਤੀਆਂ ਲਈ ਕੁਰਸੀਆਂ ਖ਼ਾਲੀ ਸਨ।ਰੈਲੀ ’ਚ ਮੌਜੂਦ ਲੋਕਾਂ ਨੇ ‘ਜੇਲ੍ਹ ਕੇ ਤਾਲੇ ਟੂਟੇਂਗੇ, ਹੇਮੰਤ ਸੋਰੇਨ ਛੂਟੇਂਗੇ’ ਵਰਗੇ ਨਾਅਰੇ ਲਗਾਏ। ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਭਿਆਨਕ ਗਰਮੀ ਦੇ ਬਾਵਜੂਦ 40 ਡਿਗਰੀ ਸੈਲਸੀਅਸ ਤਾਪਮਾਨ ’ਚ ਲੋਕ ਇਕੱਠੇ ਹੋਏ।
ਰਾਹੁਲ ਗਾਂਧੀ ਦੀ ਸਿਹਤ ਖ਼ਰਾਬ, ਚੋਣ ਰੈਲੀ ’ਚ ਨਹੀਂ ਹੋ ਸਕੇ ਸ਼ਾਮਲ
ਕਾਂਗਰਸ ਆਗੂ ਰਾਹੁਲ ਗਾਂਧੀ ਰਾਂਚੀ ’ਚ ‘ਇੰਡੀਆ’ ਗੱਠਜੋੜ ਦੀ ਰੈਲੀ ’ਚ ਸ਼ਾਮਲ ਨਹੀਂ ਹੋਏ ਕਿਉਂਕਿ ਉਹ ਬਿਮਾਰ ਸਨ ਅਤੇ ਨਵੀਂ ਦਿੱਲੀ ਤੋਂ ਬਾਹਰ ਨਹੀਂ ਜਾ ਸਕਦੇ ਸਨ। ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਐਤਵਾਰ ਨੂੰ ਦਸਿਆ ਕਿ ਰਾਹੁਲ ਦੀ ਥਾਂ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਮੱਧ ਪ੍ਰਦੇਸ਼ ਦੇ ਸਤਨਾ ’ਚ ਇਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਰਾਂਚੀ ’ਚ ਰੈਲੀ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਅੱਜ ਸਤਨਾ ਅਤੇ ਰਾਂਚੀ ’ਚ ਚੋਣ ਪ੍ਰਚਾਰ ਕਰਨ ਲਈ ਤਿਆਰ ਸਨ, ਜਿੱਥੇ ‘ਇੰਡੀਆ’ ਰੈਲੀ ਹੋ ਰਹੀ ਹੈ। ਉਹ ਅਚਾਨਕ ਬਿਮਾਰ ਹੋ ਗਏ ਅਤੇ ਇਸ ਸਮੇਂ ਨਵੀਂ ਦਿੱਲੀ ਛੱਡਣ ਤੋਂ ਅਯੋਗ ਹਨ।’’ ਉਨ੍ਹਾਂ ਕਿਹਾ, ‘‘ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਜੀ ਸਤਨਾ ’ਚ ਇਕ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਫਿਰ ਰਾਂਚੀ ’ਚ ਰੈਲੀ ’ਚ ਹਿੱਸਾ ਲੈਣਗੇ।’’
ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਨੇ ਵੀ ਦਸਿਆ ਦਸਿਆ ਸੀ ਕਿ ਰਾਹੁਲ ਗਾਂਧੀ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਖੜਗੇ ਲੋਕ ਸਭਾ ਚੋਣਾਂ ’ਚ ਪਾਰਟੀ ਉਮੀਦਵਾਰ ਸਿਧਾਰਥ ਕੁਸ਼ਵਾਹਾ ਲਈ ਪ੍ਰਚਾਰ ਕਰਨ ਲਈ ਸਤਨਾ ’ਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਕੁਸ਼ਵਾਹਾ ਦਾ ਮੁਕਾਬਲਾ ਭਾਜਪਾ ਦੇ ਗਣੇਸ਼ ਸਿੰਘ ਨਾਲ ਹੈ, ਜੋ 2004 ਤੋਂ ਇਸ ਸੀਟ ਤੋਂ ਸੰਸਦ ਮੈਂਬਰ ਹਨ। ਸਤਨਾ ’ਚ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ।
(For more news apart from Ulgulan Nyay rally in Ranchi, stay tuned to Rozana Spokesman)