
ਬੇਹੱਦ ਭਿਆਨਕ ਚੱਕਰਵਾਤੀ ਤੂਫ਼ਾਨ 'ਅੱਫ਼ਾਨ' ਬੁਧਵਾਰ ਨੂੰ ਭਾਰਤ ਦੇ ਸਮੁੰਦਰੀ ਕੰਢਿਆਂ ਵਲ ਤੇਜ਼ੀ ਨਾਲ ਅੱਗੇ ਵਧਿਆ ਜਿਸ ਕਾਰਨ
ਕੋਲਕਾਤਾ, 20 ਮਈ: ਬੇਹੱਦ ਭਿਆਨਕ ਚੱਕਰਵਾਤੀ ਤੂਫ਼ਾਨ 'ਅੱਫ਼ਾਨ' ਬੁਧਵਾਰ ਨੂੰ ਭਾਰਤ ਦੇ ਸਮੁੰਦਰੀ ਕੰਢਿਆਂ ਵਲ ਤੇਜ਼ੀ ਨਾਲ ਅੱਗੇ ਵਧਿਆ ਜਿਸ ਕਾਰਨ ਤੱਟਵਰਤੀ ਉੜੀਸਾ ਅਤੇ ਪਛਮੀ ਬੰਗਾਲ ਵਿਚ ਮੀਂਹ ਸ਼ੁਰੂ ਹੋ ਗਿਆ, ਕਈ ਕੱਚੇ ਮਕਾਨ ਢਹਿ ਗਏ ਅਤੇ ਚਾਰ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣਾ ਪਿਆ। ਅਧਿਕਾਰੀਆਂ ਮੁਤਾਬਕ ਇਸ ਤੂਫ਼ਾਨ ਨਾਲ ਭਾਰੀ ਤਬਾਹੀ ਹੋਈ ਹੈ। ਬੰਗਾਲ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਉੜੀਸਾ ਵਿਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ। ਹੇਠਲੇ ਤੱਟਵਰਤੀ ਇਲਾਕਿਆਂ ਅਤੇ ਕੱਚੇ ਮਕਾਨਾਂ ਵਿਚ ਰਹਿ ਰਹੇ 1.41 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਅਤ ਤਰੀਕੇ ਨਾਲ ਹਟਾਏ ਗਏ ਲੋਕਾਂ ਨੂੰ 2921 ਆਸਰਾ ਥਾਵਾਂ ਵਿਚ ਰਖਿਆ ਗਿਆ ਹੈ।
ਭਾਵੇਂ ਇਹ ਤੂਫ਼ਾਨ ਮੰਗਲਵਾਰ ਤੋਂ ਬੇਸ਼ੱਕ ਥੋੜਾ ਕਮਜ਼ੋਰ ਹੋ ਰਿਹਾ ਹੈ ਪਰ ਇਸ ਨੇ ਦੋ ਪੂਰਬੀ ਰਾਜਾਂ ਵਿਚ ਤਬਾਹੀ ਮਚਾਉਣ ਲਈ ਅੱਗੇ ਵਧਣਾ ਸ਼ੁਰੂ ਕਰ ਦਿਤਾ ਹੈ। ਉੜੀਸਾ ਦੇ ਸਿਖਰਲੇ ਅਧਿਕਾਰੀ ਪੀ ਕੇ ਜੇਨਾ ਨੇ ਦਸਿਆ ਕਿ ਉੜੀਸਾ ਦੇ ਹੇਠਲੇ ਤੱਟਵਰਤੀ ਇਲਾਕਿਆਂ ਤੋਂ 1.25 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆਹ ੈ ਅਤੇ ਬਾਲਾਸੋਰ ਜਿਹੀਆਂ ਕਈ ਥਾਵਾਂ 'ਤੇ ਇਹ ਕੰਮ ਹਾਲੇ ਵੀ ਜਾਰੀ ਹੈ। ਪਛਮੀ ਬੰਗਾਲ ਵਿਚ ਤਿੰਨ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਪੁਰੀ, ਜਗਤਸਿੰਘਪੁਰ, ਕਟਕ, ਕੇਂਦਰਪਾਡਾ, ਗੰਜਾਮ ਅਤੇ ਬਾਲਾਸੋਰ ਜ਼ਿਲ੍ਹਿਆਂ ਵਿਚ ਕਈ ਥਾਵਾਂ 'ਤੇ ਮੰਗਲਵਾਰ ਤੋਂ ਭਾਰੀ ਮੀਂਹ ਪੈ ਰਿਹਾ ਹੈ।
File photo
ਤੂਫ਼ਾਨ ਉੜੀਸਾ ਦੇ ਦੱਖਣ ਵਿਚ ਲਗਭਗ 120 ਕਿਲੋਮੀਟਰ ਦੂਰ ਹੈ ਪਰ ਇਸ ਦਾ ਅਸਰ ਦੋਹਾਂ ਰਾਜਾਂ ਵਿਚ ਵਿਖਾਈ ਦੇਣ ਲੱਗ ਪਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅੱਫ਼ਾਨ ਦੇ ਸੁੰਦਰਵਨ ਲਾਗੇ ਬੰਗਲਾਦੇਸ਼ ਵਿਚ ਹਟੀਆ ਦੀਪ ਅਤੇ ਦੀਘਾ ਵਿਚਾਲਿਉਂ ਲੰਘਣ ਵਾਲਾ ਹੈ। ਤੂਫ਼ਾਨ ਦੇ ਕੇਂਦਰ ਦੇ ਆਲੇ ਦੁਆਲੇ ਹਵਾਵਾਂ ਦੀ ਗਤੀ ਲਗਾਤਾਰ 170 ਤੋਂ 180 ਕਿਲੋਮੀਟਰ ਪ੍ਰਤੀ ਘੰਟਾ ਬਣੀ ਰਹੀ ਤੇ ਬਾਅਦ ਵਿਚ ਇਹ ਹਵਾਵਾਂ 200 ਕਿਲੋਮੀਟਰ ਪ੍ਰਤੀ ਘੰਟੇ ਨਾਲ ਚਲੀਆਂ। ਬਚਾਅ ਅਤੇ ਰਾਹਤ ਕਾਰਜਾਂ ਲਈ ਦੋਹਾਂ ਰਾਜਾਂ ਵਿਚ ਐਨਡੀਆਰਐਫ਼ ਦੀਆਂ 41 ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ। ਹਰ ਟੀਮ ਵਿਚ 41 ਮੈਂਬਰ ਹਨ। ਪੁਲਿਸ ਅਤੇ ਅੱਗ ਬੁਝਾਊ ਵਿਭਾਗ ਦੀਆਂ ਟੀਮਾਂ ਵੀ ਤੈਨਾਤ ਕੀਤੀਆਂ ਗਈਆਂ ਹਨ। ਮੌਸਮ ਵਿਭਾਗ ਨੇ ਤਿਆਰ ਫ਼ਸਲਾਂ ਅਤੇ ਬਾਗ਼ਾਂ ਨੂੰ ਵੀ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਕਈ ਰੇਲਗੱਡੀਆਂ ਵੀ ਅੱਗੇ ਪਾ ਦਿਤੀਆਂ ਗਈਆਂ ਹਨ। (ਏੋਜੰਸੀ)
File photo
ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ : ਐਨ.ਡੀ.ਆਰ.ਐਫ਼. ਮੁਖੀ
ਨਵੀਂ ਦਿੱਲੀ, 20 ਮਈ: ਐਨਡੀਆਰਐਫ਼ ਦੇ ਡਾਇਰੈਕਟਰ ਜਨਰਲ ਐਸ ਐਨ ਪ੍ਰਧਾਨ ਨੇ ਕਿਹਾ ਕਿ ਚੱਕਰਵਾਤ ਅੱਫ਼ਾਨ ਨਾਲ ਸਬੰਧਤ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਉਸ 'ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਚੱਕਰਵਾਤ ਨੇ ਸਮੁੰਦਰੀ ਕੰਢੇ ਨਾਲ ਟਕਰਾਉਣਾ ਸ਼ੁਰੂ ਕਰ ਦਿਤਾ ਹੈ। ਪ੍ਰਧਾਨ ਨੇ ਕਿਹਾ ਕਿ ਉੜੀਸਾ ਵਿਚ ਮੌਜੂਦ ਸਾਰੀਆਂ 20 ਟੀਮਾਂ ਨੂੰ ਤੈਨਾਤ ਕਰ ਦਿਤਾ ਗਿਆ ਹੈ ਜਦਕਿ ਪਛਮੀ ਬੰਗਾਲ ਵਿਚ 19 ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ ਅਤੇ ਦੋ ਨੂੰ ਤਿਆਰ ਰਖਿਆ ਗਿਆ ਹੈ। ਇਕ ਟੀਮ ਨੂੰ ਕੋਲਕਾਤਾ ਵਿਚ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੱਕਰਵਾਤ ਮਗਰੋਂ ਸਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਵੇਗੀ। ਇਹ ਲੰਮੀ ਦੌੜ ਹੈ।