
ਚੀਨੀ ਸੰਚਾਲਕਾਂ ਵਲੋਂ ਸਾਈਬਰ ਅਪਰਾਧ ਅਤੇ ‘ਪੋਂਜੀ’ ਘਪਲੇ ਨੂੰ ਅੰਜਾਮ ਦੇਣ ਲਈ ਮਜਬੂਰ ਕੀਤਾ ਜਾ ਰਿਹੈ : ਆਂਧਰ ਪ੍ਰਦੇਸ਼ ਪੁਲਿਸ
ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਕੰਬੋਡੀਆ ’ਚ ਗੈਰ-ਕਾਨੂੰਨੀ ਤਰੀਕੇ ਨਾਲ ਲਿਜਾਏ ਗਏ 300 ਭਾਰਤੀਆਂ ਨੇ 20 ਮਈ ਨੂੰ ਅਪਣੇ ਸੰਚਾਲਕਾਂ ਵਿਰੁਧ ‘ਬਗਾਵਤ’ ਕਰ ਦਿਤੀ, ਜਿਸ ਕਾਰਨ ਉਨ੍ਹਾਂ ’ਚੋਂ ਜ਼ਿਆਦਾਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਨੇ ਕਿਹਾ ਕਿ ਉਨ੍ਹਾਂ ’ਚੋਂ 150 ਵਿਸ਼ਾਖਾਪਟਨਮ ਦੇ ਵਸਨੀਕ ਹਨ ਅਤੇ ਪਿਛਲੇ ਇਕ ਸਾਲ ਤੋਂ ਕੰਬੋਡੀਆ ’ਚ ਫਸੇ ਹੋਏ ਹਨ ਜਿੱਥੇ ਉਨ੍ਹਾਂ ਨੂੰ ਚੀਨੀ ਸੰਚਾਲਕਾਂ ਵਲੋਂ ਸਾਈਬਰ ਅਪਰਾਧ ਅਤੇ ‘ਪੋਂਜੀ’ ਘਪਲੇ ਨੂੰ ਅੰਜਾਮ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਵਿਸ਼ਾਖਾਪਟਨਮ ਦੇ ਪੁਲਿਸ ਕਮਿਸ਼ਨਰ ਏ. ਰਵੀ ਸ਼ੰਕਰ ਨੇ ਦਸਿਆ ਕਿ ਕੰਬੋਡੀਆ ਤਸਕਰੀ ਕੀਤੇ ਗਏ ਭਾਰਤੀਆਂ ਨੇ ਸ਼ਿਹਾਨੂਕਵਿਲੇ ਦੇ ਜਿਨਬੇਈ ਅਤੇ ਕੰਪਾਊਂਡ ’ਚ ਬਲਵਾ ਕਰ ਦਿਤਾ, ਜੋ ਕਥਿਤ ਤੌਰ ’ਤੇ ਸਾਈਬਰ ਅਪਰਾਧ ਦਾ ਕੇਂਦਰ ਹੈ।
ਸ਼ੰਕਰ ਨੇ ਕਿਹਾ, ‘‘ਕਈ ਲੋਕਾਂ ਨੇ ਵਟਸਐਪ ਰਾਹੀਂ ਵਿਸ਼ਾਖਾਪਟਨਮ ਪੁਲਿਸ ਨਾਲ ਸੰਪਰਕ ਕੀਤਾ ਅਤੇ ਵੀਡੀਉ ਭੇਜੇ। ਕੱਲ੍ਹ (ਸੋਮਵਾਰ) ਕੰਬੋਡੀਆ ’ਚ ਲਗਭਗ 300 ਭਾਰਤੀਆਂ ਨੇ ਅਪਣੇ ਹੈਂਡਲਰਾਂ ਵਿਰੁਧ ‘ਬਗਾਵਤ’ ਕੀਤੀ।’’
18 ਮਈ ਨੂੰ ਵਿਸ਼ਾਖਾਪਟਨਮ ਪੁਲਿਸ ਨੇ ਚੁੱਕ ਰਾਜੇਸ਼, ਐਸ. ਕੋਂਡਲ ਰਾਓ ਅਤੇ ਐਮ. ਗਿਆਨੇਸ਼ਵਰ ਰਾਓ ਨੂੰ ਮਨੁੱਖੀ ਤਸਕਰੀ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਿੰਗਾਪੁਰ ’ਚ ਡਾਟਾ ਐਂਟਰੀ ਨੌਕਰੀਆਂ ਦਾ ਵਾਅਦਾ ਕਰ ਕੇ ਭਾਰਤ ’ਚ ਨੌਜੁਆਨਾਂ ਨੂੰ ਲਾਲਚ ਦਿੰਦੇ ਸਨ, ਪਰ ਅਸਲ ’ਚ ਉਨ੍ਹਾਂ ਨੂੰ ਸਾਈਬਰ ਅਪਰਾਧ ਕਰਨ ਲਈ ਕੰਬੋਡੀਆ ਭੇਜ ਦਿੰਦੇ ਸਨ।
ਪੁਲਿਸ ਨੇ ਦਸਿਆ ਕਿ ਕੰਬੋਡੀਆ ਪਹੁੰਚਣ ਤੋਂ ਬਾਅਦ ਨੌਜੁਆਨਾਂ ਨੂੰ ਕੈਦੀ ਬਣਾ ਲਿਆ ਗਿਆ, ਤਸੀਹੇ ਦਿਤੇ ਗਏ ਅਤੇ ਗੇਮ ਧੋਖਾਧੜੀ, ਸਟਾਕ ਮਾਰਕੀਟ ਧੋਖਾਧੜੀ ਅਤੇ ਹੋਰ ਅਪਰਾਧ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।
ਵਿਸ਼ਾਖਾਪਟਨਮ ਪੁਲਿਸ ਨੇ ਫਸੇ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਅਤੇ ਸਬੰਧਤ ਵਿਭਾਗਾਂ ਨਾਲ ਸੰਪਰਕ ਕੀਤਾ ਕਿਉਂਕਿ ਸੋਮਵਾਰ ਦੇ ‘ਬਗਾਵਤ’ ਤੋਂ ਬਾਅਦ ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਜੇਲ੍ਹ ਭੇਜ ਦਿਤਾ ਗਿਆ ਹੈ।
ਵਿਸ਼ਾਖਾਪਟਨਮ ਦੇ ਸੰਯੁਕਤ ਪੁਲਿਸ ਕਮਿਸ਼ਨਰ ਫਕੀਰੱਪਾ ਕਾਗਿਨੇਲੀ ਨੇ ਦਸਿਆ ਕਿ ਦੇਸ਼ ਭਰ ਤੋਂ ਲਗਭਗ 5,000 ਲੋਕਾਂ ਨੂੰ ਵੱਖ-ਵੱਖ ਏਜੰਟਾਂ ਰਾਹੀਂ ਕੰਬੋਡੀਆ ਭੇਜਿਆ ਗਿਆ ਹੈ।